
ਸਿੱਧੂ ਵਲੋਂ ਜ਼ਿਲ੍ਹਾ ਸਿਹਤ ਅਧਿਕਾਰੀਆਂ ਅਤੇ ਪਟਿਆਲਾ ਮੈਡੀਕਲ ਕਾਲਜ ਦੇ ਮਾਹਰਾਂ ਨਾਲ ਬੈਠਕ
ਐਸ.ਏ.ਐਸ. ਨਗਰ, 13 ਅਪ੍ਰੈਲ (ਸੁਖਦੀਪ ਸਿੰਘ ਸੋਈਂ): ਪਿੰਡ ਜਵਾਹਰਪੁਰ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਮਾਹਰ ਟੀਮ ਨਾਲ ਵਿਚਾਰ-ਚਰਚਾ ਕੀਤੀ। ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਦੀ ਬੇਨਤੀ 'ਤੇ ਮੈਡੀਕਲ ਕਾਲਜ ਦੇ ਚਾਰ ਮਾਹਰਾਂ ਨੇ ਸਿਵਲ ਸਰਜਨ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਵਿਚ ਹਿੱਸਾ ਲਿਆ।
ਸਰਕਾਰੀ ਬੁਲਾਰੇ ਨੇ ਦਸਿਆ ਕਿ ਸਿਹਤ ਮੰਤਰੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿੰਡ ਜਵਾਹਰਪੁਰ ਵਿਚ ਮਾਰੂ ਬੀਮਾਰੀ ਦੇ ਕੇਸਾਂ ਵਿਚ ਰੋਜ਼ਾਨਾ ਹੋ ਰਹੇ ਵਾਧੇ ਤੋਂ ਚਿੰਤਿਤ ਹਨ, ਜਿਨ੍ਹਾਂ ਨੂੰ ਫੌਰੀ ਤੌਰ 'ਤੇ ਠੱਲ੍ਹ ਪਾਉਣ ਦੀ ਲੋੜ ਹੈ। ਇਸ ਬੀਮਾਰੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਜ਼ਿਲ੍ਹਾ ਸਿਹਤ ਵਿਭਾਗ ਦੀ ਸ਼ਲਾਘਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਮਾਹਰਾਂ ਦੀ ਟੀਮ ਦੇ ਕੀਮਤੀ ਸੁਝਾਅ ਅਤੇ ਰਾਏ ਲੈ ਕੇ ਇਸ ਬੀਮਾਰੀ 'ਤੇ ਛੇਤੀ ਅਤੇ ਵਧੇਰੇ ਅਸਰਦਾਰ ਢੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ।
ਸਿਵਲ ਸਰਜਨ ਦਫ਼ਤਰ ਮੋਹਾਲੀ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿਹਤ ਅਧਿਕਾਰੀ।
ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੀ ਟੀਮ ਇਸ ਬੀਮਾਰੀ ਨਾਲ ਸਿੱਝਣ ਦੇ ਤਰੀਕਿਆਂ ਬਾਰੇ ਅਪਣੇ ਵਿਚਾਰ ਅਤੇ ਸੁਝਾਅ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੰਦੀ ਰਹੇਗੀ ਜਿਸ 'ਤੇ ਅਮਲ ਕਰਦਿਆਂ ਜ਼ਿਲ੍ਹਾ ਸਿਹਤ ਵਿਭਾਗ ਅਪਣੇ ਯਤਨ ਹੋਰ ਤੇਜ਼ ਕਰੇਗਾ। ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡ ਵਿਚ ਮਿਲੇ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਏ ਹੋਰ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਦੇ ਟੈਸਟ ਕੀਤੇ ਜਾਣ ਤਾਕਿ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਇਸ ਬੀਮਾਰੀ ਦੇ ਫੈਲਣ ਦੇ ਕਾਰਨਾਂ ਦਾ ਵੀ ਪਤਾ ਲਾਉਣ ਲਈ ਆਖਿਆ। ਮੀਟਿੰਗ ਦੌਰਾਨ ਮਾਹਰਾਂ ਦੀ ਟੀਮ ਨੇ ਵੀ ਇਸ ਅਣਸੁਖਾਵੀਂ ਸਥਿਤੀ ਨਾਲ ਕੁਸ਼ਲ ਢੰਗ ਨਾਲ ਨਜਿੱਠਣ ਲਈ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਤਕਨੀਕੀ ਅਤੇ ਵਿਗਿਆਨਕ ਨਜ਼ਰੀਏ ਤੋਂ, ਜ਼ਿਲ੍ਹਾ ਸਿਹਤ ਵਿਭਾਗ ਨੇ ਬਹੁਤ ਸਹੀ ਅਤੇ ਅਸਰਦਾਰ ਕਦਮ ਚੁੱਕੇ ਹਨ।
ਇਸੇ ਦੌਰਾਨ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੀਟਿੰਗ ਤੋਂ ਕਾਫ਼ੀ ਫ਼ਾਇਦਾ ਹੋਇਆ ਹੈ ਅਤੇ ਉਹ ਮਾਹਰਾਂ ਦੀ ਟੀਮ ਦੇ ਸੁਝਾਅ ਲੈ ਕੇ ਬੀਮਾਰੀ 'ਤੇ ਕਾਬੂ ਪਾਉਣ ਲਈ ਬਿਹਤਰ ਢੰਗ ਨਾਲ ਯਤਨ ਕਰਨਗੇ। ਮਾਹਰਾਂ ਦੀ ਟੀਮ ਵਿਚ ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਸਿੰਮੀ ਓਬਰਾਏ, ਐਸੋਸੀਏਟ ਪ੍ਰੋਫ਼ੈਸਰ ਡਾ. ਰਵਿੰਦਰ ਖਹਿਰਾ, ਅਸਸਿਟੈਂਟ ਪ੍ਰੋਫ਼ੈਸਰ ਡਾ. ਪੁਨੀਤ ਗੰਭੀਰ, ਅਸਿਸਟੈਂਟ ਪ੍ਰੋਫ਼ੈਸਰ ਡਾ. ਵਿਸ਼ਾਲ ਮਲਹੋਤਰਾ ਸ਼ਾਮਲ ਸਨ। ਇਸ ਤੋਂ ਇਲਾਵਾ ਸਿਹਤ ਮੰਤਰੀ ਦੇ ਓਐਸਡੀ ਡਾ.ਬਲਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ, ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ।