
'ਠੀਕਰੀ ਪਹਿਰੇ' ਕੋਰੋਨਾ ਵਾਇਰਸ ਨਾਲ ਲੜਨ ਵਿਚ ਮਹੱਤਵਪੂਰਨ ਬਣ ਰਹੇ ਹਨ ਕਿਉਂਕਿ ਪਿੰਡ ਪੱਧਰ 'ਤੇ ਬਣੇ ਚੌਕਸੀ ਕਰਨ ਵਾਲੇ ਸਮੂਹ ਬਾਹਰੀ ਲੋਕਾਂ ਦੇ ਪਿੰਡ
ਐਸ.ਏ.ਐਸ. ਨਗਰ, 13 ਅਪ੍ਰੈਲ (ਸੁਖਦੀਪ ਸਿੰਘ ਸੋਈਂ, ਸੁਖਵਿੰਦਰ ਸਿੰਘ ਸ਼ਾਨ): 'ਠੀਕਰੀ ਪਹਿਰੇ' ਕੋਰੋਨਾ ਵਾਇਰਸ ਨਾਲ ਲੜਨ ਵਿਚ ਮਹੱਤਵਪੂਰਨ ਬਣ ਰਹੇ ਹਨ ਕਿਉਂਕਿ ਪਿੰਡ ਪੱਧਰ 'ਤੇ ਬਣੇ ਚੌਕਸੀ ਕਰਨ ਵਾਲੇ ਸਮੂਹ ਬਾਹਰੀ ਲੋਕਾਂ ਦੇ ਪਿੰਡ ਵਿਚ ਦਾਖ਼ਲੇ 'ਤੇ ਪੈਨੀ ਨਜ਼ਰ ਰੱਖ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਮਦਦਗਾਰ ਸਾਬਤ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦਸਿਆ ਕਿ ਖਰੜ ਬਲਾਕ ਵਿਚ ਪੈਂਦੀਆਂ 140 ਪੰਚਾਇਤਾਂ 'ਚ 160 ਪਿੰਡ ਹਨ ਜਦਕਿ ਮਾਜਰੀ ਬਲਾਕ ਵਿਚ 108 ਪਿੰਡ ਅਤੇ ਡੇਰਾਬਸੀ ਵਿਚ 93 ਪਿੰਡ ਹਨ। ਬਹੁਤ ਸਾਰੇ ਪਿੰਡਾਂ 'ਚ ਸਰਪੰਚਾਂ ਅਤੇ ਯੂਥ ਕਲੱਬਾਂ ਨੇ ਐਂਟਰੀ ਪੁਆਇੰਟ 'ਤੇ ਨਾਕੇ ਲਗਾਏ ਹਨ।
File Photo
ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕੋਈ ਵੀ ਬਾਹਰਲਾ ਵਿਅਕਤੀ ਪਿੰਡ ਵਿਚ ਦਾਖ਼ਲ ਨਾ ਹੋਵੇ ਅਤੇ ਕੋਈ ਵੀ ਅੰਦਰ ਤੋਂ ਬਾਹਰ ਨਾ ਜਾਵੇ। ਸਬਜ਼ੀਆਂ, ਦੁੱਧ, ਕਰਿਆਨੇ ਅਤੇ ਦਵਾਈਆਂ ਦੀ ਸਪੁਰਦਗੀ ਦੇ ਮਾਮਲੇ ਵਿਚ ਇਜਾਜ਼ਤ ਲੈ ਕੇ ਆਉਣ-ਜਾਣ ਦੀ ਆਗਿਆ ਦਿਤੀ ਜਾਂਦੀ ਹੈ ਅਤੇ ਸਹੀ ਰੀਕਾਰਡ ਬਣਾ ਕੇ ਰਖਿਆ ਜਾਂਦਾ ਹੈ। ਡੀਸੀ ਨੇ ਇਹ ਵੀ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਤੀਜੀ ਅੱਖ ਵਜੋਂ ਕੰਮ ਕਰ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਗਿਆ ਹੈ।