
ਕੋਰੋਨਾ ਵਾਇਰਸ ਦੇ ਫ਼ੈਲਣ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਵਿਚ ਸਥਾਨਕ ਸਰਕਾਰਾਂ ਵਿਭਾਗ ਦੇ ਸਾਰੇ ਵਿੰਗ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਜ਼ਮੀਨੀ ਪੱਧਰ 'ਤੇ
ਚੰਡੀਗੜ੍ਹ, 13 ਅਪ੍ਰੈਲ (ਸ.ਸ.ਸ) : ਕੋਰੋਨਾ ਵਾਇਰਸ ਦੇ ਫ਼ੈਲਣ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਵਿਚ ਸਥਾਨਕ ਸਰਕਾਰਾਂ ਵਿਭਾਗ ਦੇ ਸਾਰੇ ਵਿੰਗ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਰਾਹਤ ਦੇਣ ਦੇ ਮਦੇਨਜ਼ਰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਅਸਾਧਾਰਣ ਸੇਵਾ ਨਿਭਾ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਕੋਵਿਡ-19 ਦੇ ਹਮਲੇ ਨੇ ਪੂਰੀ ਦੁਨੀਆ ਵਿਚ ਇਕ ਖੜੋਤ ਲਿਆ ਦਿਤੀ ਹੈ ਕਿਉਂਕਿ ਵਿਸ਼ਵ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਲਾਬੰਦੀ ਜਾਂ ਕਰਫ਼ਿਊ ਕਾਰਨ ਲਗਾਈ ਗਈ ਪਾਬੰਦੀ ਕਰ ਕੇ ਲੋਕ ਆਪਣੇ ਘਰਾਂ ਦੇ ਸੀਮਤ ਦਾਇਰੇ ਅੰਦਰ ਰਹਿਣ ਲਈ ਮਜਬੂਰ ਹਨ।
File photo
ਅਜਿਹੀ ਮੁਸ਼ਕਲ ਘੜੀ ਵਿਚ ਸਥਾਨਕ ਸਰਕਾਰਾਂ ਵਿਭਾਗ 24 ਘੰਟੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਬਣਾ ਕੇ ਲੋਕਾਂ ਦੀ ਸੇਵਾ ਹਿਤ ਆਪਣੇ ਫ਼ਰਜ਼ ਨਿਭਾ ਰਿਹਾ ਹੈ। ਵਿਭਾਗ ਦੇ ਕਰਮਚਾਰੀਆਂ ਵਲੋਂ ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਸ਼ਹਿਰਾਂ ਵਿਚ ਸਪਰੇਅ ਕੀਤੀ ਜਾ ਰਹੀ ਹੈ। ਬਹੁਤੇ ਸ਼ਹਿਰਾਂ ਵਿਚ ਕੀਟਾਣੂ ਮੁਕਤੀ ਮੁਹਿੰਮ ਦਾ ਦੂਜਾ ਅਤੇ ਤੀਜਾ ਗੇੜ ਪੂਰਾ ਹੋ ਚੁੱਕਾ ਹੈ। ਵਿਭਾਗ ਦੇ ਸਫ਼ਾਈ ਸੇਵਕ ਪੂਰੇ ਜੋਸ਼ ਅਤੇ ਸੁਹਿਰਦਤਾ ਨਾਲ ਅਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੇ ਹੌਂਸਲੇ ਅਤੇ ਸਮਰਪਣ ਲਈ ਇਸ ਤੋਂ ਵੱਡਾ ਫਲ ਕੀ ਹੋ ਸਕਦਾ ਹੈ ਕਿ ਬਹੁਤੇ ਸ਼ਹਿਰਾਂ ਵਿਚ ਲੋਕਾਂ ਨੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਇਸ ਨਾਜ਼ੁਕ ਸਮੇਂ ਵਿਚ ਉਨ੍ਹਾਂ ਦੀ ਨਿਰਸਵਾਰਥ ਸੇਵਾ ਦੀ ਪ੍ਰਸ਼ੰਸਾ ਕੀਤੀ।