
ਸ਼ਹੀਦਾਂ ਦੇ ਵਾਰਸਾਂ ਅਤੇ ਹੋਰਨਾਂ ਵਲੋਂ 19 ਅਪ੍ਰੈਲ ਦੇ ਧਰਨੇ ’ਚ ਸ਼ਾਮਲ ਹੋਣ ਦਾ ਐਲਾਨ
ਕੋਟਕਪੂਰਾ (ਗੁਰਿੰਦਰ ਸਿੰਘ): ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੂੰ ਖ਼ਾਰਜ, ਉਸ ਦੀਆਂ ਚਲਾਨ ਰੀਪੋਰਟਾਂ ਰੱਦ ਅਤੇ ਨਵੀਂ ਐਸਆਈਟੀ ਦੇ ਗਠਨ ਬਾਰੇ ਹਾਈ ਕੋਰਟ ਦੇ ਆਏ ਤਾਜ਼ਾ ਫ਼ੈਸਲੇ ਦੇ ਵਿਰੋਧ ਵਿਚ ਸ਼ਹੀਦ ਪਰਵਾਰਾਂ ਵਲੋਂ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਚ ਰੱਖੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਨ ਵਾਸਤੇ ਅਨੇਕਾਂ ਸਿਆਸੀ ਅਤੇ ਗ਼ੈਰ ਸਿਆਸੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
Kotkapura
ਅਪਣੇ ਸੰਬੋਧਨ ਦੌਰਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾ ਦੇ ਵਾਰਸਾਂ ਸਮੇਤ ਵੱਖ-ਵੱਖ ਬੁਲਾਰਿਆਂ ਨੇ ਐਲਾਨੀਆਂ ਆਖਿਆ ਕਿ ਉਹ ਪੰਥਕ ਜਥੇਬੰਦੀਆਂ ਦੇ 19 ਅਪ੍ਰੈਲ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਚੰਡੀਗੜ੍ਹ ਵਿਖੇ ਸਥਿਤ ਇਮਾਰਤ ਸਾਹਮਣੇ ਦਿਤੇ ਜਾ ਰਹੇ ਰੋਸ ਧਰਨੇ ਵਿਚ ਸ਼ਾਮਲ ਹੋਣਗੇ ਅਤੇ ਉੱਥੇ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ।
Kotkapura
ਉਨ੍ਹਾਂ ਵਾਰ-ਵਾਰ ਵਾਸਤਾ ਪਾਇਆ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਮੁੱਦੇ ’ਤੇ ਸਿਆਸੀ ਰੋਟੀਆਂ ਸੇਕ ਕੇ ਪੀੜਤ ਪਰਵਾਰਾਂ ਦੇ ਜ਼ਖ਼ਮਾਂ ’ਤੇ ਨਮਕ ਨਾ ਛਿੜਕਿਆ ਜਾਵੇ। ਸੁਖਰਾਜ ਸਿੰਘ ਨਿਆਮੀਵਾਲਾ, ਸਾਧੂ ਸਿੰਘ ਸਰਾਵਾਂ, ਕੁਲਤਾਰ ਸਿੰਘ ਸੰਧਵਾਂ, ਸਤਨਾਮ ਸਿੰਘ ਚੰਦੜ, ਜਤਿੰਦਰ ਸਿੰਘ ਭੱਲਾ, ਜਸਵਿੰਦਰ ਸਿੰਘ ਸਾਹੋਕੇ, ਗੁਰਸੇਵਕ ਸਿੰਘ ਭਾਣਾ, ਗੁਰਦੀਪ ਸਿੰਘ ਬਠਿੰਡਾ ਅਤੇ ਜਸਕਰਨ ਸਿੰਘ ਸਮੇਤ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਪਹਿਲਾਂ ਪੰਥਕ ਜਥੇਬੰਦੀਆਂ ਵਲੋਂ 15 ਅਪੈ੍ਰਲ ਨੂੰ ਸੈਸ਼ਨ ਜੱਜ ਫ਼ਰੀਦਕੋਟ ਰਾਹੀਂ ਚੀਫ਼ ਜਸਟਿਸ ਸੁਪਰੀਮ ਕੋਰਟ ਅਤੇ ਚੀਫ਼ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਲਈ ਇਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ।
Kotkapura Golikand
ਉਨ੍ਹਾਂ ਆਖਿਆ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਅਤੇ 1986 ਵਿਚ ਵਾਪਰੇ ਨਕੋਦਰ ਕਾਂਡ ਮੌਕੇ ਵੀ ਸਿੱਖ ਕੌਮ ਅਤੇ ਪੰਥ ਦਾ ਬਹੁਤ ਨੁਕਸਾਨ ਹੋਇਆ ਪਰ ਉਹ ਜਾਂਚ ਕਮਿਸ਼ਨਾਂ ਅਤੇ ਐਸਆਈਟੀਆਂ ਦੀ ਆੜ ਵਿਚ ਰੋਲ ਦਿਤਾ ਗਿਆ। ਅਫ਼ਸੋਸ ਇਸ ਗੱਲ ਦਾ ਹੈ ਕਿ ਸਿੱਖ ਕੌਮ ਅਤੇ ਪੰਥ ਦੇ ਹੋਏ ਨੁਕਸਾਨ
ਵਾਲੀਆਂ ਘਟਨਾਵਾਂ ’ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੇ ਸਮੇਂ ਸਮੇਂ ਸੱਤਾ ਦਾ ਆਨੰਦ ਮਾਣਿਆਂ ਪਰ ਪੀੜਤ ਪਰਿਵਾਰਾਂ ਦੀ ਸਾਰ ਲੈਣ ਦੀ ਜਰੂਰਤ ਹੀ ਨਾ ਸਮਝੀ। ਰੋਸ ਧਰਨੇ ਦੌਰਾਨ ਨੌਕਝੌਕ ਅਤੇ ਨਰਮ ਸੁਰ ਵਿੱਚ ਮਿਹਣੇ ਮਾਰਨ ਦੀਆਂ ਤਕਰੀਰਾਂ ਵੀ ਜਾਰੀ ਰਹੀਆਂ।
ਇਸ ਸਮੇਂ ਉਪਰੋਕਤ ਤੋਂ ਇਲਾਵਾ ਪਰਮਜੀਤ ਸਿੰਘ ਸਹੋਲੀ, ਬਲਵਿੰਦਰ ਸਿੰਘ, ਸੁਖਚੈਨ ਸਿੰਘ, ਬਲਜੀਤ ਸਿੰਘ, ਰਾਜਪਾਲ ਸਿੰਘ, ਰਾਜਾ ਸਿੰਘ, ਗੁਰਸੇਵਕ ਸਿੰਘ, ਸੁਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਜੀਤ ਸਿੰਘ, ਗੁਰਦਿੱਤ ਸਿੰਘ, ਸੁਖਪਾਲ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ ਰੋਡੇ, ਬੀਬੀ ਹਰਪ੍ਰੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਵੀਸ਼ਰੀ ਅਤੇ ਢਾਡੀ ਜੱਥਿਆਂ ਨੇ ਵੀ ਅਪਣੀ ਹਾਜ਼ਰੀ ਲਵਾਈ।