
26ਵੇਂ ਦਿਨ ਦਾ ਕਿਸਾਨ ਅੰਦੋਲਨ ਨੌਜਵਾਨਾਂ ਤੇ ਬਜ਼ੁਰਗਾਂ ਨੇ ਸਾਂਭਿਆ
ਵਾਸ਼ਿੰਗਟਨ ਡੀ ਸੀ, 13 ਅਪ੍ਰੈਲ (ਸੁਰਿੰਦਰ ਗਿੱਲ): ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਟ ਹਾਊਸ ਸਾਹਮਣੇ ਸ਼ਾਂਤੀ ਅੰਦੋਲਨ 26ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਇਸ ਕਿਸਾਨ ਅੰਦੋਲਨ ਨੇ ਅਮਰੀਕਾ ਵਿਚ ਧੁੰਮਾਂ ਪਾ ਦਿਤੀਆਂ ਹਨ। ਜਿਥੇ ਵ੍ਹਾਈਟ ਹਾਊਸ ਨੂੰ ਮੈਮੋਰੰਡਮ ਦੇਣ ਦੀ ਤਿਆਰੀਆਂ ਹੋ ਰਹੀਆਂ ਹਨ, ਉਥੇ ਪੰਜ ਮੈਂਬਰੀ ਦੀ ਚੋਣ ਕਰਨ ਲਈ ਇਕ ਹੰਗਾਮੀ ਮੀਟਿੰਗ ਪ੍ਰਬੰਧਕਾਂ ਨੇ ਬੁਲਾ ਲਈ ਹੈ ਜਿਸ ਵਿਚ ਭਵਿੱਖ ਦੀ ਰਣਨੀਤੀ ਉਲੀਕਣ ਤੇ ਇਸ ਅੰਦੋਲਨ ਦੀ ਥਾਂ ਤਬਦੀਲੀ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ।
ਜਗਜੀਤ ਸਿੰਘ ਕਾਮਰੇਡ ਜੋ ਅਮਰੀਕਾ ਦੇ ਦੌਰੇ ’ਤੇ ਹਨ, ਨੇ ਕਿਹਾ ਕਿ ਪੰਜਾਬ ਤੋਂ ਸੰਘਰਸ਼ ਸ਼ੁਰੂ ਹੋ ਕੇ ਸਾਰੇ ਸੰਸਾਰ ਦਾ ਲੋਕ ਸੰਘਰਸ਼ ਬਣ ਗਿਆ ਹੈ। ਮੋਦੀ ਦੀ ਡਿਕਟੇਟਰਸ਼ਿਪ ਨੂੰ ਜੇ ਕਿਸੇ ਨੇ ਚੈਲੰਜ ਕੀਤਾ ਹੈ ਤਾਂ ਉਹ ਕਿਸਾਨ ਹੀ ਹਨ। ਉਸ ਦੇ ਏਜੰਡੇ ਨੂੰ ਰੋਕਣ ਵਿਚ ਸਫ਼ਲ ਵੀ ਹੋਏ ਹਨ। ਇਹ ਅੰਦੋਲਨ ਦਿੱਲੀ ਤੇ ਸੰਸਾਰ ਦੀਆ ਵੱਖ ਵੱਖ ਥਾਵਾਂ ਤੇ ਉਤਨੀ ਦੇਰ ਚਲਦਾ ਰਹੇਗਾ ਜਿੰਨਾ ਚਿਰ ਸਰਕਾਰ ਕਿਸਾਨਾਂ ਵਿਰੁਧ ਪਾਸ ਕੀਤੇ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੀ। ਅੰਦੋਲਨ ਵਿਚ ਸੁਖਬੀਰ ਸਿੰਘ, ਹੈਰੀ ਸਿੰਘ, ਜੋਨੀ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ ਅਤੇ ਅਵਤਾਰ ਸਿੰਘ ਕਾਹਲੋਂ ਨੇ ਵੀ ਹਿੱਸਾ ਲਿਆ।