
ਜਾਖੜ ਵਿਰੁਧ ਅਨੁਸ਼ਾਸਨੀ ਕਾਰਵਾਈ-ਸਿਆਸੀ ਪੜਚੋਲ
ਹਾਈਕਮਾਂਡ ਕਿੰਨਾ ਕੁ ਸਹੀ ਅਤੇ ਪੰਜਾਬ ਕਾਂਗਰਸ ਦੋ ਫਾੜ
ਚੰਡੀਗੜ੍ਹ, 13 ਅਪ੍ਰੈਲ (ਜੀ.ਸੀ.ਭਾਰਦਵਾਜ): ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸਾਬਕਾ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸੁਨੀਲ ਜਾਖੜ ਵਿਰੁਧ ਪਾਰਟੀ ਹਾਈਕਮਾਂਡ ਵਲੋਂ ਭੇਜੇ ਗਏ ਸਖ਼ਤ ਨੋਟਿਸ ਸਾਨੀ ਕੀਤੀ ਜਾ ਰਹੀ ਅਨੁਸ਼ਾਸਨੀ ਕਾਰਵਾਈ ਨੇ ਕਾਂਗਰਸ ਲੀਡਰਸ਼ਿਪ ਤੇ ਵਰਕਰਾਂ ਨੂੰ ਦੋ ਫਾੜ ਕਰ ਦਿਤਾ ਹੈ | ਇਕ ਪਾਸੇ ਦਲਿਤ ਖੇਮਾ ਤੇ ਦੂਜੇ ਪਾਸੇ ਜਨਰਲ ਵਰਗ ਦਾ ਵੱਡਾ ਗਰੁਪ ਜਿਹੜਾ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਦਾ ਭਾਂਡਾ, ਦਲਿਤ ਲੀਡਰਸ਼ਿਪ ਯਾਨੀ ਚੰਨੀ ਦੇ ਸਤੰਬਰ 20,2021 ਤੋਂ ਬਾਅਦ ਵਾਲੇ ਕਿਰਦਾਰ ਨੂੰ ਦੋਸ਼ੀ ਮੰਨਦਾ ਹੈ |
ਸਿਆਸੀ ਮਾਹਰ ਬੀਤੇ ਦਿਨ ਯਾਨੀ ਅਪ੍ਰੈਲ 11 ਨੂੰ ਭੇਜੇ ਕਾਰਨ ਦਸੋ ਨੋਟਿਸ ਕਿ 7 ਦਿਨ ਵਿਚ ਸੁਨੀਲ ਜਾਖੜ ਜਵਾਬ ਦੇਵੇ, ਨੂੰ ਜਦੋਂ ਚੀਰ ਫਾੜ ਕਰਦੇ ਹਨ ਤਾਂ ਸਾਫ਼ ਜ਼ਾਹਰ ਹੈ ਕਿ ਜਾਤੀਵਾਦ ਸੋਚ ਯਾਨੀ ਕਮਿਊਨਲ ਲਾਈਨਜ਼ ਤੇ ਕਿਉਂ ਸੋਚਿਆ ਗਿਆ ਜਦੋਂ ਮੁੱਖ ਮੰਤਰੀ ਜਾਂ ਸੀ.ਐਲ.ਪੀ. ਲੀਡਰ ਚੁਣਨ ਵਾਸਤੇ 77 ਵਿਧਾਇਕਾਂ ਦੀ ਮੀਟਿੰਗ ਕਾਂਗਰਸ ਭਵਨ ਵਿਚ ਹੋਈ ਸੀ |
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਅਪਣੇ ਇਕ ਬਿਆਨ ਵਿਚ ਇਕ ਚੈਨਲ 'ਤੇ ਕਿਹਾ ਸੀ ਕਿ 77 ਵਿਧਾਇਕਾਂ ਵਿਚੋਂ 42 ਉਸ ਦੇ ਹੱਕ ਵਿਚ ਸਨ ਜਦੋਂ ਦਲਿਤ ਚਰਨਜੀਤ ਚੰਨੀ ਨੂੰ ਕੇਵਲ 2 ਵਿਧਾਇਕਾਂ ਦੀ ਵੋਟ ਹਾਸਲ ਹੋਈ ਸੀ | ਕੁਲ ਵੋਟਾਂ ਦਾ ਵੇਰਵਾ ਇਹ ਸੀ ਕਿ 12 ਵਿਧਾਇਕ ਵੋਟ ਮਹਾਰਾਜਾ ਪ੍ਰਨੀਤ ਕੌਰ, 16 ਸੁਖਜਿੰਦਰ ਸਿੰਘ ਰੰਧਾਵਾ, 5 ਵੋਟਾਂ ਨਵਜੋਤ ਸਿੱਧੂ ਅਤੇ 2 ਚੰਨੀ ਨੂੰ ਪਈਆਂ ਤੇ ਸੱਭ ਤੋਂ ਵਧ 42 ਵਿਧਾਇਕਾਂ ਨੇ ਸੁਨੀਲ ਜਾਖੜ ਦੇ ਹੱਕ ਵਿਚ ਵੋਟ ਪਾਈ ਸੀ | ਸਿਆਸੀ ਮਾਹਰ ਵਿਸ਼ਲੇਸ਼ਣ ਕਰ ਕੇ ਇਹ ਵੀ ਪੁਛਦੇ ਹਨ ਕਿ ਦੋ ਵੋਟਾਂ ਵਾਲੇ ਦਲਿਤ ਚੰਨੀ ਨੂੰ ਬਤੌਰ ਮੁੱਖ ਮੰਤਰੀ ਬਣਾਉਣ ਦਾ ਕਾਰਡ ਖੇਡਣਾ ਜਦੋਂ ਵਿਧਾਨ ਸਭਾ ਚੋਣਾਂ 'ਚ ਪੁੱਠਾ ਪੈ ਗਿਆ ਤਾਂ ਹਿੰਦੂ-ਸਿੱਖ ਭਾਈਚਾਰੇ ਦੇ ਈਮਾਨਦਾਰ, ਮਿਹਨਤੀ, ਬੇਦਾਗ਼ ਕਾਂਗਰਸੀ ਨੇਤਾ ਸੁਨੀਲ ਜਾਖੜ ਵਿਰੁਧ ਹੁਣ 6 ਮਹੀਨੇ ਬਾਅਦ ਅਨੁਸ਼ਾਸਨੀ ਕਾਰਵਾਈ ਦਾ ਡਰਾਮਾ ਪਾਰਟੀ ਹਾਈ ਕਮਾਂਡ ਕਿਉਂ ਕਰ ਰਹੀ ਹੈ?
ਇਥੇ ਇਹ ਵੀ ਦਸਣਾ ਬਣਦਾ ਹੈ ''ਆਪ'' ਪਾਰਟੀ ਵੀ ਚੋਣਾਂ 'ਚ ਹਨੇਰੀ ਮੌਕੇ 92 ਸੀਟਾਂ ਲੈਣੀਆਂ ਕਾਂਗਰਸ ਨੂੰ ਕੇਵਲ 18 ਮਿਲਣ 'ਤੇ ਕਾਂਗਰਸ ਹਾਈ ਕਮਾਂਡ ਇਹ ਕਿਉਂ ਨਹੀਂ ਸੋਚਦੀ ਕਿ ਇਨ੍ਹਾਂ 18 'ਚ ਦਲਿਤ ਵਿਧਾਇਕ ਕੇਵਲ 5 ਹਨ | ਡਾ. ਰਾਜ ਕੁਮਾਰ ਚੱਬੇਵਾਲ, ਵਿਕਰਮ ਚੌਧਰੀ, ਸੁਖਮਿੰਦਰ ਕੋਟਲੀ, ਵਰਿੰਦਰ ਧਾਲੀਵਾਲ, ਅਰੁਣਾ ਚੌਧਰੀ, ਇਕ ਦਲਿਤ ਡਾ. ਸੁੱਖੀ ਬੰਗਾ ਅਕਾਲੀ ਦਲ ਪਾਸ ਹੈ | ਕੁਲ 34 ਰਿਜ਼ਰਵ ਸੀਟਾਂ 'ਚੋਂ ਬਾਕੀ 28 ਤਾਂ 'ਆਪ' ਪਾਰਟੀ ਕੋਲ ਹਨ |
ਸਿਆਸੀ ਪੜਚੋਲੀਏ ਇਹ ਇਸ਼ਾਰਾ ਵੀ ਕਰਦੇ ਹਨ ਕਿ ਕਾਂਗਰਸ ਹਾਈ ਕਮਾਂਡ ਨੇ ਇਸ ਜਾਤੀਵਾਦ ਜਾਂ ਕਮਿਊਨਲ ਲਾਈਨ ਦੀ ਸੋਚ ਦਾ ਇਲਜ਼ਾਮ ਸੁਖਜਿੰਦਰ ਰੰਧਾਵਾ ਜਾਂ ਨਵਜੋਤ ਸਿੱਧੂ 'ਤੇ ਕਿਉਂ ਨਹੀਂ ਲਗਾਇਆ |
ਉਂਜ ਵੀ ਸੁਨੀਲ ਜਾਖੜ ਅਬੋਹਰ ਤੋਂ ਤਿੰਨ ਵਾਰ ਵਿਧਾਇਕ 2002, 2007 ਤੇ 2012 'ਚ ਚੋਣ ਜਿੱਤ ਕੇ ਇਕ ਵਾਰ ਲੋਕ ਸਭਾ ਸੀਟ ਗੁਰਦਾਸਪੁਰ ਦੀ ਜ਼ਿਮਨੀ ਚੋਣ ਅਕਤੂਬਰ 2017 'ਚ ਜਿੱਤ ਕੇ ਤਿੰਨ ਸਾਲ ਵਿਰੋਧੀ ਧਿਰ ਦੇ ਨੇਤਾ ਵਿਧਾਨ ਸਭਾ 'ਚ 2012 ਤੋਂ 2015 ਤਕ ਰਹੇ ਅਤੇ 2017 ਤੋਂ 2021 ਤਕ 4 ਸਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ | ਇਹ ਚੌਧਰੀ ਜਾਟ ਪੰਜਾਬ ਕਾਂਗਰਸ ਵਿਚ ਸੱਭ ਤੋਂ ਵੱਧ ਤਜਰਬੇ ਵਾਲੇ 67 ਸਾਲਾ ਨੇਤਾ ਹਨ | ਸਿਆਸੀ ਮਾਹਰ ਇਹ ਵੀ ਖ਼ਦਸ਼ਾ ਜ਼ਾਹਰ ਕਰਦੇ ਹਨ ਪਾਰਟੀ ਹਾਈਕਮਾਂਡ ਖ਼ੁਦ ਦੀਆਂ ਕੀਤੀਆਂ ਗ਼ਲਤੀਆਂ ਨੂੰ ਵਿਚਾਰਨ ਦੀ ਥਾਂ ਦੋਸ਼ ਬਿਨਾਂ ਕਾਰਨ ਨੇਤਾਵਾਂ ਵਿਚ ਜਦੋਂ ਲੱਭਣੇ ਹਨ ਤਾਂ ਕਾਂਗਰਸ ਨੂੰ ਹੀ ਚੋਟ ਪਹੁੰਚਾਉਣਗੇ |
ਰੋਜ਼ਾਨਾ ਸਪੋਕਸਮੈਨ ਵਲੋਂ ਦਰਜਨ ਦੇ ਕਰੀਬ ਜਦੋਂ ਪੁਰਾਣੇ ਤਜਰਬੇਕਾਰ ਕਾਂਗਰਸੀ ਨੇਤਾਵਾਂ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦਾ ਨੈਸ਼ਨਲ ਪੱਧਰ 'ਤੇ ਪੁਨਰ ਸੁਰਜੀਤੀ ਹੋ ਸਕਦੀ ਸੀ ਉਹ ਮੌਕਾ ਹਾਈ ਕਮਾਂਡ ਨੇ ਗੁਆ ਲਿਆ ਹੈ, ਹੁਣ ਜਾਖੜ ਵਰਗੇ ਸੁਘੜ ਸਿਆਣੇ ਨੇਤਾਵਾਂ ਦਾ ਕਸੂਰ ਕੱਢ ਕੇ ਪੰਜਾਬ ਦੇ ਹਿੰਦੂ ਵਰਗ ਨੂੰ ਪਾਰਟੀ ਤੋਂ ਵੱਖ ਕਰਨ ਵਿਚ ਲੱਗ ਪਏ ਹਨ | ਇਸ ਮੁੱਦੇ 'ਤੇ ਦਿੱਲੀ ਪਹੁੰਚੇ ਜਾਖੜ ਨੇ ਕੋਈ ਟਿਪਣੀ ਤਾਂ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਅਫ਼ਸੋਸ ਹੈ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਗ਼ਲਤ ਮਤਲਬ ਕੱਢੇ ਗਏ ਹਨ |