
ਲੋਕਾਂ ਨਾਲ ਚੋਣਾਂ ਸਮੇਂ ਕੀਤੀਆਂ ਗਰੰਟੀਆਂ 100 ਫ਼ੀ ਸਦੀ ਪੂਰਾ ਕਰਾਂਗੇ : ਹਰਪਾਲ ਚੀਮਾ
ਕਿਹਾ, ਮੁਲਾਜ਼ਮਾਂ ਦੇ ਸਾਰੇ ਮਸਲੇ ਵੀ ਸਮੇਂ ਸਮੇਂ ਸਿਰ ਹੱਲ ਕੀਤੇ ਜਾਣਗੇ ਪਰ ਹਾਲੇ ਕੁੱਝ ਸਮਾਂ ਦਿਤਾ ਜਾਵੇ ਸਰਕਾਰ ਨੂੰ
ਚੰਡੀਗੜ੍ਹ, 13 ਅਪੈ੍ਰਲ (ਭੁੱਲਰ): ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ 'ਆਪ' ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁਖੀ ਭਗਵੰਤ ਮਾਨ ਵਲੋਂ ਚੋਣਾਂ ਸਮੇਂ ਲੋਕਾਂ ਨੂੰ ਜੋ ਗਰੰਟੀਆਂ ਗਈਆਂ ਹਨ, ਉਨ੍ਹਾਂ ਨੂੰ ਹਰ ਹਾਲਤ 100 ਫ਼ੀ ਸਦੀ ਪੂਰਾ ਕੀਤਾ ਜਾਵੇਗਾ | ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਪੁਛੇ ਜਾਣ 'ਤੇ ਕਿਹਾ ਕਿ ਸਮੇਂ ਸਮੇਂ ਸਿਰ ਮੁਲਾਜ਼ਮਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਪਰ ਇਸ ਲਈ ਕੁੱਝ ਸਮਾਂ ਚਾਹੀਦਾ ਹੈ, ਜਦਕਿ ਸਰਕਾਰ ਨੂੰ ਬਣੇ ਹਾਲੇ ਇਕ ਮਹੀਨਾ ਵੀ ਪੂਰਾ ਨਹੀਂ ਹੋਇਆ |
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਸਿਲਸਿਲੇਵਾਰ ਵੱਖ ਵੱਖ ਪੜਾਵਾਂ ਵਿਚ ਇਨ੍ਹਾਂ ਦਾ ਨਿਪਟਾਰਾ ਕਰ ਦਿਤਾ ਜਾਵੇਗਾ | ਪੰਜਾਬ ਵਿਚ ਇਸ ਵਾਰ ਸ਼ੁਰੂ ਵਿਚ ਹੀ ਗਰਮੀ ਸਮੇਂ ਤੋਂ ਪਹਿਲਾਂ ਵੱਧ ਜਾਣ ਕਾਰਨ ਕਣਕ ਦੇ ਦਾਣੇ ਵਿਚ ਖ਼ਰਾਬੀ ਕਾਰਨ ਝਾੜ ਘੱਟਣ ਲਈ ਸਰਕਾਰ ਵਲੋਂ ਨੁਕਸਾਨ ਦੀ ਭਰਪਾਈ ਕੀਤੇ ਜਾਣ ਬਾਰੇ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਪੰਜ ਟੀਮਾਂ ਜਾਇਜ਼ੇ ਲਈ ਪੰਜਾਬ ਪੁੱਜ ਚੁੱਕੀਆਂ ਹਨ ਅਤੇ ਨੁਕਸਾਨ ਦੀ ਜੋ ਸਥਿਤੀ ਸਾਹਮਣੇ ਆਵੇਗੀ ਤਾਂ ਉਸ ਮੁਤਾਬਕ ਕਿਸਾਨਾਂ ਦੇ ਹਿਤ ਵਿਚ ਪੰਜਾਬ ਸਰਕਾਰ ਸਹੀ ਫ਼ੈਸਲਾ ਲਵੇਗੀ |
ਵਿਰੋਧੀ ਪਾਰਟੀਆਂ ਵਲੋਂ ਵੱਖ ਵੱਖ ਦੋਸ਼ ਲਾ ਕੇ 'ਆਪ' ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁਕੇ ਜਾ ਰਹੇ ਸਵਾਲਾਂ ਨੂੰ ਚੀਮਾ ਨੇ ਵਿਰੋਧੀਆਂ ਦੀ ਨਿਰਾਸ਼ਤਾ ਤੇ ਬੁਖਲਾਹਟ ਦਸਦਿਆਂ ਕਿਹਾ ਕਿ ਉਨ੍ਹਾਂ ਕੋਲ ਹੁਣ ਕੋਈ ਠੋਸ ਮੁੱਦਾ ਨਹੀਂ ਅਤੇ ਉਹ ਬੇਬੁਨਿਆਦ ਬਿਆਨਬਾਜ਼ੀ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਕ ਮਹੀਨੇ ਅੰਦਰ ਹੀ 'ਆਪ' ਸਰਕਾਰ ਨੇ ਜਿਸ ਤਰ੍ਹਾਂ ਫ਼ੈਸਲੇ ਲੈ ਕੇ ਕੰਮ ਸ਼ੁਰੂ ਕੀਤਾ ਹੈ, ਉਸ ਕਾਰਨ ਵਿਰੋਧੀ ਪਾਰਟੀਆਂ ਵਿਚ ਘਬਰਾਹਟ ਹੈ |