
ਕੋਵਿਡ ਮਹਾਂਮਾਰੀ ਦੌਰਾਨ ਫ਼ੌਜ ਲਈ ਚੁਣੇ ਨੌਜਵਾਨਾਂ ਨੂੰ ਅਜੇ ਤਕ ਨਿਯੁਕਤੀ ਪੱਤਰ ਨਹੀਂ ਮਿਲੇ : ਬਿ੍ਗੇਡੀਅਰ ਕਾਹਲੋਂ
ਕਿਹਾ, ਫ਼ੌਜ 'ਚ ਇਕ ਪਾਸੇ ਇਕ ਸਮੇਂ ਵੱਡੀ ਗਿਣਤੀ 'ਚ ਅਸਾਮੀਆਂ ਖ਼ਾਲੀ
ਚੰਡੀਗੜ੍ਹ, 13 ਅਪ੍ਰੈਲ (ਭੁੱਲਰ) : ਬਿ੍ਗੇਡੀਅਰ ਰਿਟਾ. ਕੁਲਦੀਪ ਸਿੰਘ ਕਾਹਲੋਂ ਪ੍ਰਧਾਨ ਆਲ ਇੰਡੀਆ ਬਰਦਰਹੁੱਡ ਪੰਜਾਬ ਨੇ ਕਿਹਾ ਹੈ ਕਿ ਫ਼ੌਜ ਵਿਚ ਜਵਾਨਾਂ ਦੀ ਭਰਤੀ ਆਲ ਇੰਡੀਆ ਰਿਕਰੂਟੇਬਲ ਮੇਲ ਪਾਪੂਲੇਸ਼ਨ ਨੀਤੀ ਦੇ ਅੰਤਰਗਤ ਹੁੰਦੀ ਹੈ ਜਦੋਂ ਕਿ ਅਫ਼ਸਰਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਂਦੀ ਹੈ | ਦੇਸ਼ ਦੇ ਰਖਿਆ ਬਜਟ ਵਿਸ਼ੇਸ਼ ਤੌਰ 'ਤੇ ਪੈਨਸ਼ਨ ਬਜਟ ਵਿਚ ਕਟੌਤੀ ਕਰਨ ਦੇ ਉਦੇਸ਼ ਨਾਲ ਫ਼ੌਜ ਦੀ ਸੰਖਿਆ ਨੂੰ ਲੈ ਕੇ ਕਈ ਕਿਸਮ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਵੱਡੀ ਸਮੱਸਿਆ ਹੁਣ ਇਹ ਪੈਦਾ ਹੋ ਗਈ ਹੈ ਕਿ ਕੋਵਿਡ 19 ਦੇ ਸਾਢੇ ਹੇਠ ਫ਼ੌਜ ਵਿਚ ਭਰਤੀ ਜੋ ਬੰਦ ਕਰ ਦਿਤੀ ਗਈ ਸੀ ਉਸ ਨੂੰ ਚਾਲੂ ਨਹੀਂ ਕੀਤਾ ਗਿਆ | ਸੱਭ ਤੋਂ ਵੱਧ ਅਫ਼ਸੋਸ ਦੀ ਗੱਲ ਤਾਂ ਇਹ ਵੀ ਹੈ ਕਿ ਬੀਤੇ ਸਮੇਂ ਦੌਰਾਨ ਜੋ ਨੌਜਵਾਨ ਭਰਤੀ ਯੋਗ ਐਲਾਨੇ ਗਏ ਪਰ ਉਨ੍ਹਾਂ ਨੂੰ ਕਾਲ ਅੱਪ ਲੈਟਰ ਜਾਰੀ ਨਾ ਕੀਤੇ ਗਏ ਤੇ ਉਨ੍ਹਾਂ ਦੀ ਉਮਰ ਸਮਾਂ ਬੀਤਦੀ ਜਾਰੀ ਰਹੀ ਹੈ | ਸਰਬ ਹਿੰਦ ਫ਼ੌਜ ਭਾਈਚਾਰੇ ਦੀ ਸ਼ੈਡੋ ਕੈਬਨਿਟ ਨੇ ਬੀਤੀ ਜਨਵਰੀ ਨੂੰ ਜਦੋਂ ਗੁਰਦਾਸਪੁਰ ਤੇ ਅੰਮਿ੍ਤਸਰ ਜ਼ਿਲਿ੍ਹਆਂ ਦੇ ਕੁੱਝ ਪਿੰਡਾਂ ਦਾ ਦੌਰਾ ਕੀਤਾ ਅਤੇ ਸਾਬਕਾ ਫ਼ੌਜੀਆਂ ਵਿਧਵਾਵਾਂ ਦੀਆਂ ਈ.ਸੀ.ਐਚ.ਐਸ. ਵਿਚ ਦਵਾਈਆਂ ਦੀ ਘਾਟ ਤੇ ਬੰਦ ਪਈਆਂ ਸੀ ਐਸ ਡੀ ਛੋਟੀਆਂ ਕੰਟੀਨਾਂ ਨੂੰ ਚਾਲੂ ਕਰਵਾਉਣ ਵਾਲੇ ਮੁੱਦਿਆਂ ਨੂੰ ਲੈ ਕੇ ਸਟੇਸ਼ਨ ਕਮਾਂਡਰ ਗੁਰਦਾਸਪੁਰ ਨਾਲ ਮੁਲਾਕਾਤ ਵੀ ਕੀਤੀ | ਇਸ ਦੌਰਾਨ ਪਿੰਡ ਕੱਟ ਟੋਡਰਮਲ (ਬਲਾਕ ਕਾਹਨੂੰਵਾਦ) ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਇਲਾਕੇ ਦੇ ਉਹ ਰਿਸ਼ਟ ਪੁਸ਼ਟ, ਨਸ਼ਾ ਰਹਿਤ ਨੌਜਵਾਨ ਸਾਡੇ ਸਹਮਣੇ ਪੇਸ਼ ਕੀਤੇ ਜਿਨ੍ਹਾਂ ਫ਼ੌਜੀ ਭਰਤੀ ਦੀਆਂ ਸਾਰੀਆਂ ਸ਼ਰਤਾਂ ਪਾਸ ਕਰ ਕੇ ਯੋਗ ਐਲਾਨੇ ਗਏ ਪਰ ਉਨ੍ਹਾਂ ਨੂੰ ਸਿਖਲਾਈ ਵਾਸਤੇ ਸੱਦਾ ਨਾ ਦਿਤਾ ਗਿਆ | ਹੁਣ ਪੰਜਾਬ ਤੋਂ ਇਲਾਵਾ ਕੁੱਝ ਬਾਕੀ ਸੂਬਿਆਂ ਤੋਂ ਵੀ ਪ੍ਰਭਾਵਤ ਨੌਜਵਾਨਾਂ ਨੇ ਇਕਜੁਟ ਹੋ ਕੇ ਜੰਤਰ ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਪਰ ਸਰਕਾਰ ਦੇ ਕੰਨਾਂ ਤੇ ਜੰੂ ਵੀ ਨਹੀਂ ਸਰਕੀ |
ਫ਼ੌਜੀ ਭਾਈਚਾਰਾ ਪੰਜਾਬ ਰਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕਰਦਾ ਹੈ ਕਿ ਪਹਿਲਾਂ ਤੋਂ ਚੁਣੇ ਗਏ ਨੌਜਵਾਨਾਂ ਦੀ ਉਮਰ ਵਿਚ ਛੋਟ ਦੇ ਕੇ ਉਨ੍ਹਾਂ ਨੂੰ ਤੁਰਤ ਫ਼ੌਜ ਦੇ ਸਿਖਲਾਈ ਸੈਂਟਰਾਂ ਵਿਚ ਹਾਜ਼ਰ ਹੋਣ ਵਾਸਤੇ ਹੁਕਮ ਜਾਰੀ ਕੀਤੇ ਜਾਣ | ਉਨ੍ਹਾਂ ਦਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ ਫ਼ੌਜ ਵਿਚ 9362 ਅਫ਼ਸਰ ਤੇ 1,13193 ਜਵਾਨ ਦੀ ਘਾਟ ਹੈ ਜਿਸ ਦਾ ਪ੍ਰਭਾਵ ਐਲ.ਓ.ਸੀ. ਤੇ ਐਲ.ਏ.ਸੀ. ਤਾਇਨਾਤ ਜਵਾਨਾਂ ਤੋਂ ਪੈਂਦਾ ਹੈ | ਇਹ ਦੇਸ਼ ਤੇ ਫ਼ੌਜ ਦੇ ਹਿਤ ਵਿਚ ਹੋਵੇਗਾ ਕਿ ਫ਼ੌਜ ਦੀ ਘਾਟ ਪੂਰੀ ਕੀਤੀ ਜਾਵੇ |