
ਮੁਲਜ਼ਮ ਦੀ ਪਛਾਣ ਜਤਿੰਦਰ ਸਿੰਘ ਵਾਸੀ ਪਿੰਡ ਢੀਂਡਸਾ, ਤਹਿਸੀਲ ਸਮਰਾਲਾ ਵਜੋਂ ਹੋਈ ਹੈ
ਲੁਧਿਆਣਾ : ਪੰਜਾਬ ਦੇ ਲੁਧਿਆਣਾ 'ਚ 13 ਅਪ੍ਰੈਲ ਨੂੰ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਇਸ ਗੱਲ ਤੋਂ ਨਾਰਾਜ਼ ਸੀ ਕਿ ਮ੍ਰਿਤਕਾ ਨੇ ਉਸ ਨਾਲ ਵਿਆਹੁਤਾ ਹੋਣ ਦੀ ਗੱਲ ਲੁਕਾ ਦਿੱਤੀ। ਉਸ ਨੇ ਮੁਲਜ਼ਮ ਤੋਂ ਝੂਠ ਬੋਲ ਕੇ ਇੱਕ ਲੱਖ ਰੁਪਏ ਲੈ ਲਏ ਕਿ ਉਸ ਨੇ ਆਪਣੇ ਭਰਾ ਦੀ ਜ਼ਮਾਨਤ ਕਰਵਾਉਣੀ ਹੈ। ਬਾਅਦ ਵਿਚ ਪਤਾ ਲੱਗਾ ਕਿ ਉਸ ਦਾ ਪਤੀ ਜੇਲ੍ਹ ਵਿਚ ਬੰਦ ਸੀ।
ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਤੀ ਦੀ ਜ਼ਮਾਨਤ ਤੋਂ ਬਾਅਦ ਔਰਤ ਨੇ ਗੱਲ ਕਰਨੀ ਬੰਦ ਕਰ ਦਿੱਤੀ। ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਵੀਰ ਪੈਲੇਸ ਨੇੜੇ ਗੱਲਬਾਤ ਲਈ ਬੁਲਾਇਆ ਅਤੇ ਪਤੀ ਦੇ ਸਾਹਮਣੇ ਹੀ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਜਤਿੰਦਰ ਸਿੰਘ ਵਾਸੀ ਪਿੰਡ ਢੀਂਡਸਾ, ਤਹਿਸੀਲ ਸਮਰਾਲਾ ਵਜੋਂ ਹੋਈ ਹੈ।
ਥਾਣਾ ਫੋਕਲ ਪੁਆਇੰਟ ਦੇ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਔਰਤ ਦਾ ਪਤੀ ਅਵਤਾਰ ਸਿੰਘ ਜੇਲ੍ਹ ਵਿੱਚ ਸੀ ਤਾਂ ਸਰਬਜੀਤ ਕੌਰ ਨੇ ਜਤਿੰਦਰ ਨਾਲ ਫੋਨ ’ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਜਤਿੰਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਔਰਤ ਨਾਲ ਸਬੰਧ ਵੀ ਬਣਾਏ ਹੋਏ ਸਨ ਜਿਸ ਤੋਂ ਬਾਅਦ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਔਰਤ ਨੇ ਉਸਨੂੰ ਝੂਠ ਬੋਲਿਆ ਕਿ ਉਸਦਾ ਵਿਆਹ ਨਹੀਂ ਹੋਇਆ ਹੈ। ਇਸੇ ਦੁਸ਼ਮਣੀ ਕਾਰਨ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਜਤਿੰਦਰ ਕੋਲੋਂ ਵਾਰਦਾਤ ਵਿੱਚ ਵਰਤਿਆ ਛੁਰਾ ਵੀ ਬਰਾਮਦ ਕਰ ਲਿਆ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦਾ ਵਿਆਹ ਇੱਕ ਸਾਲ ਪਹਿਲਾਂ ਪਿੰਡ ਮੰਗਲੀ ਉੱਚੀ ਵਾਸੀ ਅਵਤਾਰ ਸਿੰਘ ਨਾਲ ਹੋਇਆ ਸੀ। ਸਰਬਜੀਤ ਕੌਰ ਦਾ ਅਵਤਾਰ ਸਿੰਘ ਨਾਲ ਲਵ ਮੈਰਿਜ ਸੀ। ਇਸ ਕਾਰਨ ਉਹ ਸਰਬਜੀਤ ਕੌਰ ਨਾਲ ਪਰਿਵਾਰ ਤੋਂ ਦੂਰ ਰਹਿੰਦਾ ਸੀ। ਅਵਤਾਰ ਸਿੰਘ ਥਾਣਾ ਖੰਨਾ 'ਚ ਮੁਕੱਦਮਾ ਨੰਬਰ 200/222, ਆਈ.ਪੀ.ਸੀ. 379,407,182,120-ਬੀ ਤਹਿਤ ਜੇਲ 'ਚ ਬੰਦ ਸੀ। ਜਿਸ ਦੀ ਜ਼ਮਾਨਤ ਸਰਬਜੀਤ ਕੌਰ ਨੇ ਜਤਿੰਦਰ ਤੋਂ ਪੈਸੇ ਲੈ ਕੇ ਕਰਵਾ ਲਈ ਸੀ।