
ਤਿੰਨ ਦਿਨਾਂ ਦੌਰਾਨ ਕੋਰੋਨਾ ਪੀੜਤਾਂ ਦੀ ਗਿਣਤੀ ਘਟਣ ਲੱਗੀ, ਕੁੱਲ ਮਾਮਲੇ ਹੋਏ 1924
ਚੰਡੀਗੜ੍ਹ, 13 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਮੰਗਲਵਾਰ ਸ਼ਾਮ 6 ਵਜੇ ਤੋਂ ਲੈ ਕੇ ਬੁਧਵਾਰ ਸ਼ਾਮ 6 ਵਜੇ ਤਕ 24 ਘੰਟਿਆਂ ਵਿਚ 10 ਕੋਰੋਨਾ ਦੇ ਮਾਮਲੇ ਆਏ ਹਨ। ਰਾਜ ਲਈ ਇਹ ਰਾਹਤ ਭਰੀ ਖਬਰ ਹੈ, ਜੋ ਕਈ ਦਿਨਾਂ ਦੇ ਲੰਮੇ ਇੰਤਜ਼ਾਰ ਦੇ ਬਾਅਦ ਆਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਅੱਜ ਸ਼ਾਮ ਤਕ 1924 ਤਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਤਿੰਨ ਦਿਨਾਂ ਦੌਰਾਨ ਨਵੇਂ ਕੇਸ ਆਉਣ ਦੀ ਗਿਣਤੀ ਕਾਫ਼ੀ ਘਟੀ ਹੈ। ਤਿੰਨ ਦਿਨਾਂ ਦੌਰਾਨ 150 ਦੇ ਕਰੀਬ ਨਵੇਂ ਪਾਜ਼ੇਟਿਵ ਕੇਸ ਨਹੀਂ ਆਏ ਹਨ। ਜਦ ਕਿ ਇਸ ਤੋਂ ਪਹਿਲਾਂ ਕਈ ਦਿਨਾਂ ਦੌਰਾਨ ਇਕ-ਇਕ ਜ਼ਿਲ੍ਹੇ ਵਿਚੋਂ 50-50 ਦੇ ਕਰੀਬ ਕੇਸ ਆਉਣ ਲੱਗੇ ਸਨ ਜਿਸ ਨਾਲ ਅੰਕੜਾ ਤੇਜ਼ੀ ਨਾਲ ਵਧਿਆਹੈ। ਅੱਜ ਸ਼ਾਮ ਤਕ ਇਕ ਦਿਨ ਵਿਚ ਸਿਰਫ਼ ਦਸ ਕੇਸ ਆਉਣ ਦੀ ਹੀ ਰੀਪੋਰਟ ਹੈ। ਅੱਜ ਤਕ ਕੁੱਲ 46026 ਸ਼ੱਕੀ ਕੇਸਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿਚ 40637 ਦੀ ਰੀਪੋਰਟ ਨੈਗੇਟਿਵ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 200 ਹੋ ਚੁੱਕੀ ਹੈ। ਇਸ ਸਮੇਂ ਇਕ ਮਰੀਜ਼ ਵੈਂਟੀਲੇਟਰ ਉਤੇ ਹੈ। 3465 ਸੈਪਲਾਂ ਦੀਆਂ ਰੀਪੋਰਟਾਂ ਹਾਲੇ ਆਉਣੀਆਂ ਹਨ। ਇਸ ਸਮੇਂ ਸੱਭ ਤੋਂ ਵੱਧ ਪਾਜ਼ੇਟਿਵ ਕੇਸ ਅੰਮ੍ਰਿਤਸਰ, ਜਲੰਧਰ ਤੇ ਤਰਨਤਾਰਨ ਵਿਚ ਹੀ ਹਨ।
ਨਵਾਂਸ਼ਹਿਰ : 2 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ
ਨਵਾਂਸ਼ਹਿਰ, 13 ਮਈ (ਅਮਰੀਕ ਸਿੰਘ) : ਨਵਾਂਸ਼ਹਿਰ ਵਿਖੇ ਹੋਰ ਮਰੀਜ਼ਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਉਪਰੰਤ ਹੁਣ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 107 ਹੋ ਗਈ ਹੈ। ਪਾਜ਼ੇਟਿਵ ਪਾਏ ਗਏ ਦੋਵੇਂ ਮਰੀਜ਼ਾਂ 'ਚੋਂ 1 ਅੰਮ੍ਰਿਤਸਰ ਅਤੇ ਦੂਜਾ ਕਪੂਰਥਲਾ ਦਾ ਦਸਿਆ ਗਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਨੇ ਦਸਿਆ ਕਿ ਐਤਵਾਰ ਨੂੰ ਦਿੱਲੀ ਦੇ ਮਜਨੂੰ ਕਾ ਟਿੱਲਾ ਤੋਂ 16 ਵਿਅਕਤੀ ਜ਼ਿਲ੍ਹੇ 'ਚ ਆਏ ਸਨ, ਜਿਨ੍ਹਾਂ 'ਚੋਂ 5 ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਅਤੇ 11 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਸਨ।
ਜਲੰਧਰ : ਇਕ ਹੋਰ ਨਵਾਂ ਮਾਮਲਾ
ਜਲੰਧਰ, 13 ਮਈ (ਲੱਕੀ/ਸ਼ਰਮਾ) : ਜਲੰਧਰ 'ਚ ਇਕ ਨਵਾਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਈਸ਼ਵਰ ਕਾਲੋਨੀ ਬਸਤੀ ਸ਼ੇਖ ਦੀ ਰਹਿਣ ਵਾਲੀ 60 ਸਾਲਾ ਮਹਿਲਾ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਜਲੰਧਰ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 198 ਤਕ ਪਹੁੰਚ ਗਿਆ ਹੈ ਜਦਕਿ ਇਨ੍ਹਾਂ 'ਚੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 26 ਠੀਕ ਹੋ ਕੇ ਅਪਣੇ ਘਰਾਂ ਨੂੰ ਪਰਤ ਚੁੱਕੇ ਹਨ।
File photo
ਅੰਮ੍ਰਿਤਸਰ 'ਚ ਆਏ 5 ਨਵੇਂ ਪਾਜ਼ੇਟਿਵ ਮਾਮਲੇ
ਅੰਮ੍ਰਿਤਸਰ, 13 ਮਈ (ਅਰਵਿੰਦਰ ਵੜੈਚ) : ਤਰਨਤਾਰਨ ਅਤੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਦੇ ਰਹਿਣ ਵਾਲੇ 5 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਗੁਰੂ ਨਗਰੀ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 301 ਹੋ ਗਈ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ 3 ਮਰੀਜ਼ ਤਰਨਤਾਰਨ ਅਤੇ 2 ਮਰੀਜ਼ ਗੁਰਦਾਸਪੁਰ ਵਿਚੋਂ ਕੋਰੋਨਾ ਪਾਜ਼ੇਟਿਵ ਪਾਏ ਗਏ। ਬਾਕੀ 19 ਲੋਕਾਂ ਦੀ ਰੀਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਘਰ ਭੇਜ ਦਿਤਾ ਗਿਆ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਸ਼ਰਧਾਲੂਆਂ ਨੇ ਘਰ ਜਾਣ ਦੇ ਸਮੇਂ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਇਸ ਤੋਂ ਇਲਾਵਾ 7 ਅਪ੍ਰੈਲ ਤੋਂ ਦਾਖ਼ਲ ਜੰਡਿਆਲਾ ਗੁਰੂ ਨਿਵਾਸੀ ਇਕ ਮਰੀਜ਼ ਨੇ 5 ਹਫ਼ਤਿਆਂ ਦੇ ਇਲਾਜ ਤੋਂ ਬਾਅਦ ਕੋਰੋਨਾ ਨੂੰ ਮਾਤ ਦੇ ਦਿਤੀ। ਇਸ ਤਰ੍ਹਾਂ ਅੰਮ੍ਰਿਤਸਰ ਤੋਂ 20 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰਾਂ ਵਿਚ ਭੇਜਿਆ ਗਿਆ। ਹੁਣ ਤਕ ਕੋਰੋਨਾ ਪਾਜ਼ੀਟਿਵ ਆਉਣ ਵਾਲੇ 55 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ, ਜਦਕਿ ਇਲਾਜ ਦੌਰਾਨ 4 ਲੋਕਾਂ ਦੀ ਮੌਤ ਵੀ ਹੋ ਗਈ ਸੀ।
ਲੁਧਿਆਣਾ : ਫ਼ੈਕਟਰੀ ਦੇ 5 ਮੁਲਾਜ਼ਮ ਕੋਰੋਨਾ ਪਾਜ਼ੇਟਿਵ
ਲੁਧਿਆਣਾ, 13 ਮਈ (ਪ.ਪ.) : ਲੁਧਿਆਣਾ 'ਚ ਬੁਧਵਾਰ ਨੂੰ 5 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਫ਼ੋਕਲ ਪੁਆਇੰਟ ਸਥਿਤ ਇਕ ਟਾਇਰ ਬਣਾਉਣ ਵਾਲੀ ਫ਼ੈਕਟਰੀ 'ਚ ਕੰਮ ਕਰਦੇ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਿਤੀ। ਡਾ. ਬੱਗਾ ਨੇ ਦਸਿਆ ਕਿ ਕੁਲ 102 ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 5 ਦੀ ਰੀਪੋਰਟ ਅੱਜ ਪਾਜ਼ੇਟਿਵ ਆਈ ਹੈ। ਇਹ 5 ਮੁਲਾਜ਼ਮ ਕ੍ਰਿਸ਼ਚਨ ਮੈਡੀਕਲ ਕਾਲਜ ਤੇ ਹਸਪਤਾਲ 'ਚ ਦਾਖ਼ਲ 65 ਸਾਲਾ ਬਜ਼ੁਰਗ ਦੇ ਸੰਪਰਕ 'ਚ ਆਏ ਸਨ। ਇਸ ਤੋਂ ਪਹਿਲਾਂ ਬਜ਼ੁਰਗ ਦੀ ਪਤਨੀ ਅਤੇ ਬੇਟੇ ਦੀ ਵੀ ਕੋਰੋਨਾ ਰੀਪੋਰਟ ਪਾਜ਼ੀਟਿਵ ਆਈ ਸੀ। ਹੁਣ ਲੁਧਿਆਣਾ 'ਚ ਕੁਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 141 ਹੋ ਗਈ ਹੈ।