
ਜੈਯੰਤੀ ਮਾਜਰੀ 'ਚ ਜੰਗਲੀ ਲੱਕੜ ਦਾ ਭਰਿਆ ਟਰੈਕਟਰ-ਟਰਾਲੀ ਕਾਬੂ
ਮੁੱਲਾਂਪੁਰ ਗ਼ਰੀਬਦਾਸ, 13 ਮਈ (ਰਵਿੰਦਰ ਸਿੰਘ ਸੈਣੀ) : ਕੋਰੋਨਾ ਵਾਇਰਸ ਤੋਂ ਬੇਖ਼ੌਫ਼ ਲਾਕਡਾਊਨ ਦੇ ਚਲਦਿਆਂ ਇਲਾਕੇ ਦੀਆਂ ਸ਼ਿਵਾਲਿਕ ਪਹਾੜੀਆਂ ਵਿਚੋਂ ਕੁੱਝ ਵਿਅਕਤੀ ਖੈਰ ਤੇ ਹੋਰ ਜੰਗਲੀ ਦਰਖਤਾਂ ਦੀ ਧੜੱਲੇ ਨਾਲ ਕਟਾਈ ਕਰ ਕੇ ਮੋਟੀ ਕਮਾਈ ਕਰ ਰਹੇ ਹਨ।
ਅੱਜ ਪਿੰਡ ਜੈਂਤੀਮਾਜਰੀ ਦੇ ਲੋਕਾਂ ਦੀ ਚੌਕਸੀ ਸਦਕਾ ਪੁਲਿਸ ਨੇ ਇਕ ਠੇਕੇਦਾਰ ਨੂੰ ਜੰਗਲੀ ਲੱਕੜ ਨਾਲ ਭਰੀ ਟਰੈਕਟਰ-ਟਰਾਲੀ ਸਮੇਤ ਰੰਗੇ ਹੱਥੀ ਕਾਬੂ ਕੀਤਾ ਹੈ। ਐਸ.ਐਚ.ਓ. ਹਰਮਨਪ੍ਰੀਤ ਸਿੰਘ ਚੀਮਾ ਅਨੁਸਾਰ ਮੁਲਜ਼ਮ ਵਿਰੁਧ ਸ਼ਿਕਾਇਤਕਰਤਾ ਸੁੱਚਾ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਟਰੈਕਟਰ ਟਰਾਲੀ ਸਮੇਤ ਮੁਲਜ਼ਮ ਵਿਅਕਤੀ ਕੁਲਦੀਪ ਸਿੰਘ ਕੋਲੋਂ 10 ਕੁਇੰਟਲ ਦੇ ਕਰੀਬ ਜੰਗਲੀ ਲੱਕੜ ਪੁਲਿਸ ਵਲੋਂ ਜ਼ਬਤ ਕਰ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੁਲਵਾਂ ਖਦਰੀ ਦੇ ਵੱਡੀ ਗਿਣਤੀ ਵਸਨੀਕਾਂ ਨੇ ਖੈਰ ਦੇ ਇਕ ਹੋਰ ਠੇਕੇਦਾਰ 'ਤੇ ਕਥਿਤ ਦੋਸ਼ ਲਾਇਆ ਕਿ ਬੂਰਆਣਾ ਦੇ ਜੰਗਲ ਦੀ ਆੜ ਵਿਚ ਸਾਡੇ ਪਿੰਡ ਦੇ ਪਹਾੜੀ ਖੇਤਰ ਵਿਚੋਂ ਕਰੋੜਾਂ ਰੁਪਏ ਮੁੱਲ ਦੀ ਖੈਰ ਵੱਢ ਲਈ ਗਈ।