
ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਨਵੀਂ ਬਣੀ ਐਸ.ਆਈ.ਟੀ. ਨੇ ਜਾਂਚ ਦਾ ਕੰਮ ਕੀਤਾ ਸ਼ੁਰੂ
ਏ.ਡੀ.ਜੀ.ਪੀ. ਦੀ ਅਗਵਾਈ ਵਾਲੀ ਜਾਂਚ ਟੀਮ ਵਲੋਂ 4 ਘਟਨਾ ਸਥਾਨਾਂ ਦਾ ਦੌਰਾ
ਕੋਟਕਪੂਰਾ, 13 ਮਈ (ਗੁਰਿੰਦਰ ਸਿੰਘ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਪਿਛਲੇ ਦਿਨੀਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੂੰ ਰੱਦ ਕਰ ਦੇਣ ਅਤੇ ਨਵੀਂ ਐਸ.ਆਈ.ਟੀ. ਦਾ ਗਠਨ ਕਰਨ ਬਾਰੇ ਦਿਤੇ ਆਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਏਡੀਜੀਪੀ ਵਿਜੀਲੈਂਸ ਐਲ.ਕੇ. ਯਾਦਵ, ਰਾਕੇਸ਼ ਅਗਰਵਾਲ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਸੁਰਜੀਤ ਸਿੰਘ ਡੀਆਈਜੀ ਫ਼ਰੀਦਕੋਟ ਰੇਂਜ ਦੀ ਅਗਵਾਈ ਹੇਠ ਗਠਤ ਕੀਤੀ ਗਈ ਨਵੀਂ ਐਸ.ਆਈ.ਟੀ. ਨੇ ਅਧਿਕਾਰਤ ਰੂਪ ਵਿਚ ਅਪਣਾ ਕੰਮ ਸ਼ੁਰੂ ਕਰ ਦਿਤਾ ਹੈ | ਉਕਤ ਟੀਮ ਸਥਾਨਕ ਬੱਤੀਆਂ ਵਾਲਾ ਚੌਕ ਵਿਚ ਪੁੱਜੀ, ਉਪਰੰਤ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਬਹਿਬਲ ਵਿਖੇ ਵੀ ਘਟਨਾ ਸਥਾਨਾਂ ਦਾ ਜਾਇਜ਼ਾ ਲਿਆ | ਸਾਰਾ ਸਮਾਂ ਉਕਤ ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਟੀਮ ਦਾ ਸੁਰੱਖਿਆ ਘੇਰਾ ਐਨਾ ਮਜ਼ਬੂਤ ਸੀ ਕਿ ਕਿਸੇ ਨੂੰ ਬਿਨਾਂ ਇਜਾਜ਼ਤ ਟੀਮ ਦੇ ਨੇੜਿਉਂ ਲੰਘਣ ਤਕ ਵੀ ਨਾ ਦਿਤਾ ਗਿਆ |
ਜ਼ਿਕਰਯੋਗ ਹੈ ਕਿ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਟੀਮ ਨੇ ਛੇ ਮਹੀਨੇ ਦੇ ਅੰਦਰ ਅੰਦਰ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਦਾ ਕੰਮ ਮੁਕੰਮਲ ਕਰਨਾ ਹੈ | ਗ੍ਰਹਿ ਵਿਭਾਗ ਵਲੋਂ ਜਾਰੀ ਹੁਕਮਾਂ ਮੁਤਾਬਕ ਐਸਆਈਟੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦਾ ਪਾਲਣ ਕਰੇਗੀ, ਜਿਸ ਵਿਚ ਕਿਹਾ ਗਿਆ ਹੈ ਕਿ ਉਕਤ ਜਾਂਚ ਵਿਚ ਕੋਈ ਵੀ ਅੰਦਰੂਨੀ ਜਾਂ ਬਾਹਰੀ ਦਖ਼ਲ ਨਹੀਂ ਹੋਣਾ ਚਾਹੀਦਾ, ਇਸ ਤੋਂ ਇਲਾਵਾ ਉਕਤ ਐਸਆਈਟੀ ਸਾਂਝੇ ਤੌਰ 'ਤੇ ਕੰਮ ਕਰੇਗੀ | ਕਰੀਬ 12:00 ਵਜੇ ਸਥਾਨਕ ਡੀਐਸਪੀ ਦਫ਼ਤਰ ਵਿਖੇ ਪੁੱਜੀ ਐਸਆਈਟੀ ਦੀ ਟੀਮ ਨੇ ਪਹਿਲਾਂ ਕੁੱਝ ਕੁ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰ ਕੇ ਜਾਂਚ ਇਕੱਤਰ ਕੀਤੀ ਅਤੇ ਸ਼ਾਇਦ ਕੁੱਝ ਕੁ ਪੁਲਿਸ ਮੁਲਾਜ਼ਮਾਂ ਦੇ ਬਿਆਨ ਵੀ ਕਲਮਬੰਦ ਕੀਤੇ | ਕਰੀਬ 20 ਮਿੰਟ ਦੀ ਉਕਤ ਪ੍ਰਕਿਰਿਆ ਤੋਂ ਬਾਅਦ ਜਾਂਚ ਟੀਮ ਬੱਤੀਆਂ ਵਾਲੇ ਚੌਕ ਵਿੱਚ ਘਟਨਾ ਸਥਾਨ 'ਤੇ ਪੁੱਜੀ ਅਤੇ ਪੁਲਿਸ ਮੁਲਾਜ਼ਮਾਂ ਤੋਂ ਜਾਣਕਾਰੀ ਲੈਣ ਉਪਰੰਤ ਮੁਕਤਸਰ ਸੜਕ ਵਾਲੇ ਪਾਸੇ ਰੇਲਵੇ ਪੁਲ ਦੇ ਨੇੜੇ ਕੁੱਝ ਕੁ ਦੁਕਾਨਦਾਰਾਂ ਅਤੇ ਰਾਹਗੀਰਾਂ ਨਾਲ ਵੀ ਸਵਾਲ-ਜਵਾਬ ਕੀਤੇ | ਕੋਟਕਪੂਰੇ ਤੋਂ ਬਿਨਾਂ ਕੋਈ ਸੰਕੇਤ ਦਿਤਿਆਂ ਉਕਤ ਜਾਂਚ ਟੀਮ ਦਾ ਗੱਡੀਆਂ ਦਾ ਕਾਫ਼ਲਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜਾ |
ਜਾਂਚ ਟੀਮ ਨੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਗੋਰਾ ਸਿੰਘ ਨਾਲ 1 ਜੂਨ 2015 ਨੂੰ ਚੋਰੀ ਹੋਏ ਪਾਵਨ ਸਰੂਪਾਂ ਅਤੇ 24 ਤੇ 25 ਸਤੰਬਰ 2015 ਦੀ ਦਰਮਿਆਨੀ ਰਾਤ ਨੂੰ ਗੁਰਦਵਾਰੇ ਦੇ ਬਾਹਰ ਲੱਗੇ ਧਮਕੀ ਭਰੇ ਹੱਥ ਲਿਖਤ ਭੜਕਾਊ ਪੋਸਟਰਾਂ ਬਾਰੇ ਗੱਲਬਾਤ ਕੀਤੀ | ਬਰਗਾੜੀ ਦੇ ਗੁਰਦਵਾਰਾ ਸਾਹਿਬ ਨੇੜੇ ਜਿਥੇ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਧਮਕੀ ਭਰੇ ਪੋਸਟਰ ਲੱਗੇ ਸਨ ਅਤੇ 12 ਅਕਤੂਬਰ 2015 ਨੂੰ ਪਾਵਨ ਅੰਗ ਖਿਲਾਰੇ ਗਏ ਸਨ, ਉਹ ਘਟਨਾ ਸਥਾਨ ਦੇਖਣ ਤੋਂ ਬਾਅਦ ਜਾਂਚ ਟੀਮ ਨੇ 2 ਪੰਥਕ ਆਗੂਆਂ ਰਣਜੀਤ ਸਿੰਘ ਵਾਂਦਰ ਅਤੇ ਡਾ. ਬਲਵੀਰ ਸਿੰਘ ਸਰਾਵਾਂ ਨਾਲ ਗੱਲਬਾਤ ਕੀਤੀ ਤਾਂ ਉਕਤ ਆਗੂਆਂ ਨੇ ਸਪੱਸ਼ਟ ਆਖ ਦਿਤਾ ਕਿ ਹੁਣ ਪੀੜਤ ਪ੍ਰਵਾਰ, ਚਸ਼ਮਦੀਦ ਗਵਾਹ ਅਤੇ ਪੰਥਦਰਦੀ ਬਿਆਨ ਦੇ ਦੇ ਕੇ ਅੱਕ ਅਤੇ ਥੱਕ ਚੁੱਕੇ ਹਨ | ਉਕਤ ਟੀਮ ਪਿੰਡ ਬਹਿਬਲ ਦੀ ਉਸ ਥਾਂ ਵੀ ਪੁੱਜੀ ਜਿਥੇ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਪੁਲਿਸੀਆ ਅਤਿਆਚਾਰ ਢਾਹਿਆ ਗਿਆ ਸੀ, ਉਸ ਸਮੇਂ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ | ਸੂਤਰਾਂ ਅਨੁਸਾਰ ਅਗਾਮੀ ਦਿਨਾਂ ਵਿਚ ਨਵੀਂ ਬਣੀ ਐਸ.ਆਈ.ਟੀ. ਵਲੋਂ ਗਵਾਹਾਂ ਅਤੇ ਪੀੜਤ ਪ੍ਰਵਾਰਾਂ ਦੇ ਬਿਆਨ ਨੋਟ ਕੀਤੇ ਜਾਣਗੇ |