
ਕੋਵੀਸ਼ੀਲਡ ਦੀਆਂ 2 ਖ਼ੁਰਾਕਾਂ ਵਿਚਕਾਰ 12 ਤੋਂ 16 ਹਫ਼ਤਿਆਂ ਦਾ ਅੰਤਰ ਵਧਾਇਆ
ਨਵੀਂ ਦਿੱਲੀ, 13 ਮਈ : ਭਾਰਤ ਸਰਕਾਰ ਨੇ ਕੋਵੀਸ਼ੀਲਡ ਟੀਕੇ ਦੀਆਂ ਦੋ ਖ਼ੁਰਾਕਾਂ ਲਗਵਾਉਣ ਦੇ ਵਿਚਕਾਰ ਦੇ ਸਮੇਂ ਨੂੰ 6-8 ਹਫ਼ਤਿਆਂ ਤੋਂ ਵਧਾ ਕੇ 12-16 ਹਫ਼ਤੇ ਕਰਨ ਦੀ ਕੋਵਿਡ 19 ਕਾਰਜ ਸਮੂਹ ਦੀ ਸਿਫ਼ਾਰਸ਼ ਨੂੰ ਸਵੀਕਾਰ ਕਰ ਲਿਆ ਹੈ। ਕੇਂਦਰੀ ਸਿਹਤ ਮੰਤਲਾਰੇ ਨੇ ਵੀਰਵਾਰ ਨੂੰ ਦੋ ਖ਼ੁਰਾਕਾਂ ਦੇ ਵਿਚਕਾਰ ਦੇ ਸਮੇਂ ਦਾ ਐਲਾਨ ਕਰਦੇ ਹੋਏ ਇਹ ਬਿਆਨ ਦਿਤਾ। ਸਰਕਾਰ ਦੇ ਰਾਸ਼ਟਰੀ ਟੀਕਾਕਰਨ ਸਲਾਹਕਾਰ ਸਮੂਹ (ਐੱਨ.ਟੀ.ਏ.ਜੀ.ਆਈ.) ਨੇ ਕੋਵਿਡ-19 ਰੋਕੂ ਕੋਵੀਸ਼ੀਲਡ ਟੀਕੇ ਦੀਆਂ 2 ਖ਼ੁਰਾਕਾਂ ਵਿਚਾਲੇ ਅੰਤਰ ਵਧਾ ਕੇ 12-16 ਹਫ਼ਤੇ ਕਰਨ ਦੀ ਸਿਫਾਰਸ਼ ਕੀਤੀ ਸੀ। ਹਾਲਾਂਕਿ ਕੋਵੈਕਸੀਨ ਦੀਆਂ ਖ਼ੁਰਾਕਾਂ ਲਈ ਤਬਦੀਲੀ ਦੀ ਸਿਫਾਰਸ਼ ਨਹੀਂ ਕੀਤੀ ਗਈ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਸਮੂਹ ਨੇ ਕਿਹਾ ਹੈ ਕਿ ਗਰਭਵਤੀ ਔਰਤਾਂ ਨੂੰ ਕੋਰੋਨਾ ਦਾ ਕੋਈ ਵੀ ਟੀਕਾ ਲਗਵਾਉਣ ਦਾ ਬਦਲ ਦਿਤਾ ਜਾ ਸਕਦਾ ਹੈ ਅਤੇ ਬ੍ਰੈਸਟ ਫੀਡਿੰਗ ਕਰਾਉਣ ਵਾਲੀਆਂ ਔਰਤ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਵੀ ਸਮੇਂ ਟੀਕਾ ਲਗਵਾ ਸਕਦੀਆਂ ਹਨ। ਐੱਨ.ਟੀ.ਏ.ਜੀ.ਆਈ. ਨੇ ਇਹ ਵੀ ਕਿਹਾ ਹੈ ਕਿ ਜੋ ਲੋਕ ਕੋਰੋਨਾ ਨਾਲ ਪੀੜਤ ਰਹਿ ਚੁਕੇ ਹਨ ਅਤੇ ਜਾਂਚ ’ਚ ਉਨ੍ਹਾਂ ਦੇ ਸਾਰਸ-ਸੀ.ਓ.ਵੀ.-2 ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ 6 ਮਹੀਨਿਆਂ ਤਕ ਟੀਕਾਕਰਨ ਨਹੀਂ ਕਰਵਾਉਣਾ ਚਾਹੀਦਾ। ਮੌਜੂਦਾ ਸਮੇਂ ਕੋਵੀਸ਼ੀਲਡ ਟੀਕੇ ਦੀਆਂ 2 ਖੁਰਾਕਾਂ 4 ਤੋਂ 8 ਹਫ਼ਤਿਆਂ ਦੇ ਅੰਤਰਾਲ ’ਤੇ ਦਿਤੀਆਂ ਜਾਂਦੀਆਂ ਹਨ। (ਏਜੰਸੀ)