
ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤਾਂ ਪਹਿਲਾ ਤਾਂ ਖਾਲਿਸਤਾਨੀਆਂ ਦਾ ਨਾਮ ਲਿਆ ਜਾਂਦਾ ਹੈ ਤੇ ਨੌਜਵਾਨਾਂ ਨੂੰ ਪਹਿਲਾਂ ਨਿਸ਼ਾਨੇ 'ਤੇ ਲਿਆ ਜਾਂਦਾ ਹੈ
ਜਲੰਧਰ - ਅੱਜ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਜਲੰਧਰ ਵਿਕੇ ਪ੍ਰੈਸ ਕਲੱਬ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਵਿਗੜੇ ਹਾਲਾਤਾਂ ਨੂੰ ਲੈ ਕੇ ਗੱਲਬਾਤ ਕੀਤੀ। ਉਹਨਾਂ ਨੇ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਅਤੇ ਬੀਤੇ ਦਿਨੀਂ ਪਟਿਆਲਾ ਵਿਖੇ ਹੋਈ ਹਿੰਸਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲ ਕੀਤੇ। ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਸਾਰੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ ਪਰ ਜਦੋਂ ਵੀ ਪੰਜਾਬ ਵਿਚ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਹਊਆ ਬਣਾਇਆ ਜਾਂਦਾ ਹੈ।
Barjinder Singh Parwana
ਉਹਨਾਂ ਕਿਹਾ ਕਿ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤਾਂ ਪਹਿਲਾ ਤਾਂ ਖਾਲਿਸਤਾਨੀਆਂ ਦਾ ਨਾਮ ਲਿਆ ਜਾਂਦਾ ਹੈ ਤੇ ਨੌਜਵਾਨਾਂ ਨੂੰ ਪਹਿਲਾਂ ਨਿਸ਼ਾਨੇ 'ਤੇ ਲਿਆ ਜਾਂਦਾ ਹੈ ਤੇ ਇਹੀ ਗੱਲ ਹੁਣ ਪਟਿਆਲਾ ਘਟਨਾ ਵਿਚ ਹੋਈ ਹੈ ਬਲਜਿੰਦਰ ਸਿੰਘ ਪਰਵਾਨਾ ਨੂੰ ਇਸ ਘਟਨਾ ਦਾ ਮਾਸਟਰਮਾਈਂਡ ਕਿਹਾ ਗਿਆ ਹੈ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਬਲਜਿੰਦਰ ਪਰਵਾਨਾ ਉਸ ਸਮੇਂ ਉੱਥੇ ਮੌਜੂਦ ਹੀ ਨਹੀਂ ਸੀ ਜਿੱਥੇ ਇਹ ਸਾਰੀ ਘਟਨਾ ਵਾਪਰੀ ਸੀ। ਖਹਿਰਾ ਨੇ ਇਸ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵ੍ਹਾਈਟ ਪੇਪਰ ਜਾਰੀ ਕਰਨ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਉੱਥੇ ਮੌਜੂਦ ਤਾਂ ਬਹੁਤ ਸਾਰੇ ਲੋਕ ਸਨ ਪਰ ਕਿਸੇ ਇਕ ਬੰਦੇ ਨੂੰ ਘਟਨਾ ਦਾ ਮਾਸਟਰਮਾਈਂਡ ਕਹਿ ਦੇਣਾ ਸਹੀ ਨਹੀਂ ਹੈ।
Patiala Incident
ਖਹਿਰਾ ਨੇ ਕਿਹਾ ਕਿ ਬੀਤੇ ਦਿਨੀਂ ਪਟਿਆਲਾ ਵਿਖੇ ਹੋਈ ਹਿੰਸਾ ਅਤੇ ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਕੀਤੇ ਗਏ ਹਮਲੇ ਦੀ ਘਟਨਾ ਬੇਹੱਦ ਮਦਭਾਗੀ ਸੀ। ਮੋਹਾਲੀ ਦੀ ਇੰਟੈਲੀਜੈਂਸ ਵਾਲੀ ਬਿਲਡਿੰਗ ਸਭ ਤੋਂ ਸਕਿਓਰ ਬਿਲਡਿੰਗ ਮੰਨੀ ਜਾਂਦੀ ਹੈ। ਜੇਕਰ ਹੈੱਡਕੁਆਰਟਰ ਹੀ ਮਹਫੂਜ਼ ਨਹੀਂ ਹੋ ਸਕਦਾ ਤਾਂ ਫਿਰ ਹੋਰ ਕਿਹੜੀ ਜਗ੍ਹਾ ਮਹਫੂਜ਼ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਪੂਰਥਲਾ ਦੇ ਨਿਜ਼ਾਮਪੁਰ ਹਲਕੇ ’ਚ ਵਾਪਰੀ ਕਤਲ ਦੀ ਘਟਨਾ ਦੇ ਸਬੰਧ ’ਚ ਨਾਮਜ਼ਦ ਕੀਤੇ ਗਏ ਬਲਵਿੰਦਰ ਸਿੰਘ ਪਰਵਾਨਾ ਨੂੰ ਲੈ ਕੇ ਕਿਹਾ ਕਿ ਇਸ ਕੇਸ ’ਚ ਪਰਵਾਨਾ ਨੂੰ 8 ਮਹੀਨਿਆਂ ਬਾਅਦ ਨਾਮਜ਼ਦ ਕੀਤਾ ਗਿਆ ਹੈ। ਆਖ਼ਿਰ 8 ਮਹੀਨਿਆਂ ਤੱਕ ਪੰਜਾਬ ਦੀ ਪੁਲਿਸ ਕੀ ਕਰ ਰਹੀ ਸੀ। ਆਖ਼ਿਰ ਇਹ ਕਿਹੋ ਜਿਹੀ ਰਾਜਨੀਤੀ ਪੰਜਾਬ ’ਚ ਚੱਲ ਰਹੀ ਹੈ।
ਉਹਨਾਂ ਕਿਹਾ ਕਿ ਇਸ ਨਾਲ ਪੰਜਾਬ ਦਾ ਮਾਹੌਲ ਹੋਰ ਵਿਗੜੇਗਾ। ਖਹਿਰਾ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਪੰਜਾਬ ’ਚ ਯੂਅੱਪਾ ਦੀ ਬੇਹੱਦ ਗਲਤ ਵਰਤੋਂ ਕੀਤੀ ਗਈ ਹੈ। ਜਿਹੜੇ ਵੀ ਕਿਸੇ ਕੇਸ ’ਚ ਨੌਜਵਾਨ ਨੂੰ ਚੁੱਕਿਆ ਜਾ ਰਿਹਾ ਹੈ, ਉਸ ਦੀ ਪੂਰੀ ਜਾਂਚ-ਪੜ੍ਹਤਾਲ ਕੀਤੀ ਜਾਵੇ। ਪੰਜਾਬ ਹਮੇਸ਼ਾ ਹੀ ਦੇਸ਼ ਦੀ ਲੜਾਈ ’ਚ ਅੱਗੇ ਰਿਹਾ ਹੈ। ਉਥੇ ਹੀ ਅਫ਼ੀਮ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਹਰਨੂਰ ਦੇ ਮਾਮਲੇ ’ਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਆਖ਼ਿਰ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਪਹਿਲਾਂ ਨਿਸ਼ਾਨੇ ’ਤੇ ਲਿਆਂਦਾ ਜਾ ਰਿਹਾ ਹੈ, ਇਸ ’ਤੇ ਪੰਜਾਬ ਸਰਕਾਰ ਨੂੰ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ।
Sukhpal Singh Khaira
ਉਥੇ ਹੀ ਵਿਧਾਇਕਾਂ ਦੀ ਘਟਾਈ ਗਈ ਸਕਿਓਰਿਟੀ ਦੇ ਮੁੱਦੇ ’ਤੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਸੁਰੱਖਿਆ ਘਟਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਭਗਵੰਤ ਮਾਨ ਦੀ ਭੈਣ ਨੂੰ ਸਕਿਓਰਿਟੀ ਦੇਣ ਦਾ ਕੀ ਹੱਕ ਹੈ। ਉਨ੍ਹਾਂ ਕਿਹਾ ਕਿ ਸਿਰ ਦਬਾਉਣ ਦੀ ਰਾਜਨੀਤੀ, ਜੋ ਅੰਗਰੇਜ਼ਾਂ ਦੇ ਵੇਲੇ ਤੋਂ ਕੀਤੀ ਜਾ ਰਹੀ ਹੈ, ਉਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਇਕ ਤਰਫ਼ਾ ਨਿਸ਼ਾਨੇ 'ਤੇ ਲੈ ਕੇ ਲੋਕਾਂ ਦੀ ਨਸਲਕੁਸ਼ੀ ਨਾ ਕੀਤੀ ਜਾਵੇ। ਜਿਹੜੇ ਬਲਜਿੰਦਰ ਸਿੰਘ ਪਰਵਾਨਾ ਨੂੰ ਨਿਜ਼ਾਮਪੁਰ ਹਲਕਾ ਦੀ ਘਟਨਾ ’ਚ ਨਾਮਜ਼ਦ ਕੀਤਾ ਗਿਆ ਹੈ, ਉਸ ਮਾਮਲੇ ’ਚ ਕਪੂਰਥਲਾ ਦੇ ਐੱਸ. ਐੱਸ. ਪੀ. ਤੋਂ ਜਾਂਚ ਦੀ ਮੰਗ ਕੀਤੀ ਗਈ ਹੈ
ਅਤੇ ਜੇਕਰ ਜਾਂਚ ਨਾ ਕੀਤੀ ਗਈ ਅਤੇ ਇਨਲਾਫ਼ ਨਾ ਮਿਲਿਆ ਤਾਂ ਮਜਬੂਰਨ ਸਾਨੂੰ ਆਉਣ ਵਾਲੇ ਦਿਨਾਂ ’ਚ ਐੱਸ. ਐੱਸ. ਪੀ. ਦੇ ਦਫ਼ਤਰ ਮੂਹਰੇ ਧਰਨਾ ਦੇਣਾ ਪਵੇਗਾ। ਅਸੀਂ ਡੀ. ਜੀ. ਪੀ. ਕੋਲ ਦੋ-ਤਿੰਨ ਦਿਨਾਂ ’ਚ ਕੋਚ ਕਰਾਂਗੇ। ਉਥੇ ਹੀ ਸੁਨੀਲ ਜਾਖੜ ਵੱਲੋਂ ਕਾਂਗਰਸ ਨੂੰ ਅਲਵਿਦਾ ਕਹੇ ਜਾਣ ਦੇ ਮੁੱਦੇ ’ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਸੁਨੀਲ ਜਾਖੜ ਇਕ ਬੇਹੱਦ ਚੰਗੇ ਇਨਸਾਨ ਹਨ ਅਤੇ ਅਜੇ ਵੀ ਕੁਝ ਨਹੀਂ ਵਿਗੜਿਆ ਜੇਕਰ ਕਾਂਗਰਸ ਹਾਈਕਮਾਨ ਉਹਨਾਂ ਨਾਲ ਰਾਬਤਾ ਕਰ ਲਵੇ ਤਾਂ ਉਹਨਾਂ ਨੂੰ ਵਾਪਸ ਪਾਰਟੀ ਵਿਚ ਲਿਆਂਦਾ ਜਾ ਸਕਦਾ ਹੈ।