
ਕਿਸਾਨ ਦੇ 12ਵੀਂ ਕਲਾਸ ਵਿਚ ਪੜ੍ਹਦੇ ਬੇਟੇ ਨੇ 3 ਫ਼ੁੱਟ ਦਾ ਟਰੈਕਟਰ ਤਿਆਰ ਕਰ ਕੀਤਾ ਕਮਾਲ
ਮਲੋਟ/ਲੰਬੀ, 13 ਮਈ (ਹਰਦੀਪ ਸਿੰਘ ਖ਼ਾਲਸਾ) : ''ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨੀ ਬਣਿਆ'' ਜੀ ਹਾਂ ਬੰਦਾ ਅਪਣੇ ਹੱਥਾਂ ਨਾਲ ਅਜਿਹੀਆਂ ਵਿਲੱਖਣ ਚੀਜ਼ਾਂ ਦਾ ਨਿਰਮਾਣ ਕਰਦਾ ਹੈ ਜਿਸ ਨੂੰ ਵੇਖ ਹਰ ਕੋਈ ਹੈਰਾਨ ਹੋਇਆ ਉਸ ਦੀ ਤਾਰੀਫ਼ ਕਰਦਾ ਨਹੀਂ ਥਕਦਾ |
ਅਸੀਂ ਗੱਲ ਕਰ ਰਹੇ ਹਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫੱਤਾ ਕੇਰਾ ਦੇ ਇਕ ਨੌਜਵਾਨ ਦੀ ਜਿਸ ਦੇ ਹੱਥਾਂ ਨੇ ਅਜਿਹਾ ਕਮਾਲ ਕਰ ਵਿਖਾਇਆ ਕਿ ਅੱਜ ਉਸ ਦੀ ਕਲਾਕਾਰੀ ਵੇਖ ਹਰ ਕੋਈ ਉਸ ਦੀ ਤਾਰੀਫ ਕਰਨੋ ਨਹੀ ਰਹਿੰਦਾ ਸਬ ਡਵੀਜ਼ਨ ਮਲੋਟ ਦੇ ਪਿੰਡ ਫੱਤਾ ਕੇਰਾ ਦੇ ਕਿਸਾਨ ਦੇ ਬੇਟੇ ਗੁਰਵਿੰਦਰ ਸਿੰਘ ਨੇ ਅਪਣੇ ਹੱਥਾਂ ਨਾਲ ਤਿੰਨ ਫੁੱਟ ਦਾ ਟਰੈਕਟਰ ਤਿਆਰ ਕੀਤਾ ਹੈ, ਇਹ ਟਰੈਕਟਰ ਸ਼ੋਅਕੇਸ਼ ਵਾਲਾ ਨਹੀਂ ਸਗੋਂ ਖੇਤਾਂ ਵਿਚੋਂ ਪਸ਼ੂਆਂ ਲਈ ਨੀਰਾ ਪੱਠਾ ਵੱਢ ਕੇ ਤੇ ਘਰ ਲੈ ਕੇ ਆਉਣ ਦਾ ਸੱਭ ਜਗਾੜ ਫਿੱਟ ਹੈ |
ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਇਹ ਟਰੈਕਟਰ ਅਪਣੇ ਸ਼ੌਕ ਲਈ ਤਿਆਰ ਕੀਤਾ ਹੈ ਕਿਉਂਕਿ ਉਸ ਨੂੰ ਬਚਪਨ ਤੋਂ ਹੀ ਛੋਟੀਆਂ ਮਸ਼ੀਨਾਂ ਬਣਾਉਣ ਦਾ ਸ਼ੌਕ ਸੀ, ਉਹ ਪਹਿਲਾਂ ਛੋਟੇ ਟਰੈਕਟਰ ਬਣਾਉਂਦਾ ਸੀ | ਪਰ ਉਸ ਨੇ ਇਸ ਵਿਚ ਕੁੱਝ ਵੱਡਾ ਕਰਨ ਦਾ ਸੋਚਿਆ ਅਤੇ ਆਟੋ ਦਾ ਇੰਜਣ ਲੈ ਕੇ ਕਬਾੜ ਵਿਚੋਂ ਸਾਮਾਨ ਇਕੱਠਾ ਕੀਤਾ ਅਤੇ ਉਸ ਤੋਂ ਬਾਅਦ ਉਸ ਨੇ ਇਸ ਟਰੈਕਟਰ ਤੇ ਸੀਪਰ ਫਿੱਟ ਕਰ ਕੇ ਖੇਤਾਂ ਵਿਚੋਂ ਫ਼ਸਲ ਅਤੇ ਪੱਠੇ ਵੱਢਣ ਦਾ ਜੁਗਾੜ ਵੀ ਫਿੱਟ ਕਰ ਲਿਆ |
ਗੁਰਵਿੰਦਰ ਦਸਦਾ ਹੈ ਕਿ ਉਸ ਨੂੰ ਇਹ ਟਰੈਕਟਰ ਨੂੰ ਤਿਆਰ ਕਰਨ ਲਈ 35 ਤੋਂ 40 ਹਜ਼ਾਰ ਰੁਪਏ ਖਰਚ ਕੀਤੇ ਹਨ | ਇਹ ਟਰੈਕਟਰ ਆਸਾਨੀ ਨਾਲ 6-7 ਕੁਇੰਟਲ ਤਕ ਵਜ਼ਨ ਚੁੱਕਣ ਦੇ ਸਮਰੱਥ ਹੈ ਜਦੋਂ ਉਹ ਟਰੈਕਟਰ ਲੈ ਕੇ ਪਿੰਡ ਦੀਆਂ ਗਲੀਆਂ ਵਿਚ ਲੰਘਦਾ ਹੈ ਤਾਂ ਹਰ ਕੋਈ ਦੇਖ ਕੇ ਹੈਰਾਨ ਰਹਿ ਜਾਂਦਾ ਹੈ | ਗੁਰਵਿੰਦਰ ਸਿੰਘ 12ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਨੇ ਇੰਨੀ ਛੋਟੀ ਉਮਰ ਵਿਚ ਇਕ ਛੋਟਾ ਟਰੈਕਟਰ ਤਿਆਰ ਕਰ ਕੇ ਇਕ ਮਿਸਾਲ ਕਾਇਮ ਕੀਤੀ ਹੈ | ਗੁਰਵਿੰਦਰ ਸਿੰਘ ਦੇ ਪਿਤਾ ਵੀ ਉਸ ਵਲੋਂ ਬਣਾਏ ਟਰੈਕਟਰ ਦੀ ਤਾਰੀਫ਼ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਵੀ ਉਹ ਬਾਜ਼ਾਰ ਜਾਂਦਾ ਹੈ ਲੋਕ ਉਸ ਦੇ ਟਰੈਕਟਰ ਨਾਲ ਸੈਲਫ਼ੀ ਲੈਂਦੇ ਹਨ ਅਤੇ ਉਸ ਨੂੰ ਅਪਣੇ ਬੇਟੇ 'ਤੇ ਬਹੁਤ ਮਾਣ ਹੈ ਜਿਸ ਨੇ ਬਿਨਾ ਸਿਖਲਾਈ ਦੇ ਅਪਣੀ ਮਿਹਨਤ ਨਾਲ ਇਸ ਟਰੈਕਟਰ ਨੂੰ ਡਿਜ਼ਾਈਨ ਕੀਤਾ ਹੈ | ਪਿੰਡ ਵਾਸੀਆਂ ਨੇ ਭਗਵੰਤ ਮਾਨ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਨੌਜਵਾਨ ਨੂੰ ਉਚੇਚੀ ਟ੍ਰੇਨਿੰਗ ਦੇ ਕੇ ਹੋਰ ਵੀ ਉਤਸ਼ਾਹਤ ਕੀਤਾ ਜਾਵੇ |
ਫੋਟੋ ਕੈਪਸ਼ਨ :-ਗੁਰਵਿੰਦਰ ਸਿੰਘ ਆਪਣੇ ਤਿਆਰ ਕੀਤੇ ਗਏ ਤਿੰਨ ਫੁੱਟ ਦੇ ਟਰੈਕਟਰ ਨਾਲ |