
Ludhiana News : ਆਮ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਰਵਾਇਤੀ ਪਾਰਟੀਆਂ ਮੇਰੇ ਨਾਲ ਈਰਖਾ ਕਰਦੀਆਂ ਹਨ: ਮੁੱਖ ਮੰਤਰੀ
Ludhiana News in Punjabi : ਲੁਧਿਆਣਾ,ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਨਕਾਰਿਆ ਹੋਇਆ ਆਗੂ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਸਾਡੇ ਵਿਰੁੱਧ ਜ਼ਹਿਰ ਉਗਲਦਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਬਿੱਟੂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਵੇਂ ਕੇਂਦਰੀ ਮੰਤਰੀ ਲੁਧਿਆਣਾ ਤੋਂ ਹੈ ਪਰ ਉਸ ਨੇ ਸ਼ਹਿਰ ਦੇ ਵਿਕਾਸ ਲਈ ਕੁਝ ਵੀ ਮਹੱਤਵਪੂਰਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਿੱਟੂ ਸਵੇਰੇ ਉੱਠਦਾ ਹੈ ਅਤੇ ਉਸੇ ਪਲ ਤੋਂ ਹੀ ਆਪਣੀ ਪਾਰਟੀ ਦੇ ਆਗੂਆਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀ ਆਲੋਚਨਾ ਸ਼਼ੁਰੂ ਕਰ ਦਿੰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨਕਾਰੇ ਗਏ ਆਗੂ ਜੋ ਵੱਡੇ ਮਹਿਲਾਂ ਵਿੱਚ ਰਹਿ ਚੁੱਕੇ ਹਨ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ, ਜਿਸ ਕਾਰਨ ਉਨ੍ਹਾਂ ਨੂੰ ਜਨਤਾ ਨੇ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਉਨ੍ਹਾਂ ਤੋਂ ਈਰਖਾ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਇਕ ਆਮ ਆਦਮੀ ਦਾ ਪੁੱਤਰ ਸੂਬੇ ਦਾ ਸ਼ਾਸਨ ਪ੍ਰਭਾਵਸ਼ਾਲੀ ਢੰਗ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਰੁਖ਼ ਕਾਰਨ ਸੂਬੇ ਦੇ ਲੋਕਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸਿਆਣੇ ਅਤੇ ਬਹਾਦਰ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ ਅਤੇ ‘ਆਪ` ਨੂੰ ਭਾਰੀ ਬਹੁਮਤ ਦਿੱਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਭ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਸੂਬੇ ਦੇ ਲੋਕਾਂ ਨੇ ਇਕ ਇਮਾਨਦਾਰ ਸਰਕਾਰ ਚੁਣੀ ਹੈ, ਜੋ ਲੋਕਾਂ ਨੂੰ ਮਨਚਾਹੇ ਨਤੀਜੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਘੱਟ ਬੁਰਾਈ ਨੂੰ ਚੁਣਨ ਦਾ ਬਦਲ ਸੀ ਅਤੇ ਲੋਕਾਂ ਨੂੰ ਭ੍ਰਿਸ਼ਟ ਤੇ ਮੌਕਾਪ੍ਰਸਤ ਨੇਤਾਵਾਂ ਨੂੰ ਚੁਣਨਾ ਪੈਂਦਾ ਸੀ, ਜੋ ਉਨ੍ਹਾਂ ਲਈ ਇਕੋ-ਇਕ ਬਦਲ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੇ ਆਮ ਆਦਮੀ ਲਈ ਨਾਗਰਿਕ ਕੇਂਦਰਿਤ ਸੇਵਾਵਾਂ ਦੀ ਸੁਚਾਰੂ ਅਤੇ ਮੁਸ਼ਕਲ ਰਹਿਤ ਡਿਲੀਵਰੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ।
(For more news apart from Bittu spits venom against me daily to appeal to his political leaders: Chief Minister News in Punjabi, stay tuned to Rozana Spokesman)