
ਨੇੜਲੇ ਪਿੰਡ ਚੱਕਮੀਰਪੁਰ ਦੀਆਂ ਇਕੱਤਰ ਹੋਈਆਂ ਔਰਤਾਂ ਨੇ ਕੁੱਝ ਕਰੱਸ਼ਰ ਮਾਲਕਾਂ ਵਲੋਂ ਲੋਕਾਂ ਦੀਆਂ ਜ਼ਮੀਨਾਂ ਵਿਚੋਂ ਜੇਸੀਬੀ......
ਤਲਵਾੜਾ, : ਨੇੜਲੇ ਪਿੰਡ ਚੱਕਮੀਰਪੁਰ ਦੀਆਂ ਇਕੱਤਰ ਹੋਈਆਂ ਔਰਤਾਂ ਨੇ ਕੁੱਝ ਕਰੱਸ਼ਰ ਮਾਲਕਾਂ ਵਲੋਂ ਲੋਕਾਂ ਦੀਆਂ ਜ਼ਮੀਨਾਂ ਵਿਚੋਂ ਜੇਸੀਬੀ ਨਾਲ ਬਣਾਇਆ ਜਾਣ ਵਾਲਾ ਲਾਂਘਾ ਰੋਕ ਦਿਤਾ। ਔਰਤਾਂ ਦੇ ਪੁੱਜਣ 'ਤੇ ਕਰੱਸ਼ਰ ਮਾਲਕਾਂ ਦੇ ਕਾਰਿੰਦੇ ਅਪਣੀਆਂ ਜੇ.ਸੀ.ਬੀ. ਮਸ਼ੀਨਾਂ ਲੈ ਕੇ ਵਾਪਸ ਭੱਜ ਗਏ। ਇਸ ਸਬੰਧੀ ਪਿੰਡ ਚੱਕਮੀਰਪੁਰ ਦੀਆ ਔਰਤਾਂ ਸੁਦੇਸ਼ ਕੁਮਾਰੀ, ਸੁਮਨ ਕੁਮਾਰੀ, ਸ਼ੀਲਾ ਦੇਵੀ, ਦੁਰਗੀ ਦੇਵੀ, ਸੰਤੋਸ਼ ਕੁਮਾਰੀ ਤੇ ਪ੍ਰਦੀਨ ਕੁਮਾਰੀ, ਜੋਤੀ, ਅਮਰੀਕ ਕੌਰ ਤੇ ਕ੍ਰਿਸ਼ਨਾ ਦੇਵੀ ਨੇ ਦਸਿਆ ਕਿ ਉਹ ਕਰੱਸ਼ਰ ਮਾਲਕਾਂ ਵਲੋਂ ਕੱਢੇ ਜਾ ਰਹੇ ਨਾਜਾਇਜ਼ ਲਾਂਘਿਆਂ ਕਾਰਨ ਬਹੁਤ ਪ੍ਰੇਸ਼ਾਨ ਹਨ।
ਪਹਿਲਾਂ ਕਰੱਸ਼ਰ ਮਾਲਕਾਂ ਵਲੋਂ ਪਿੰਡ ਦੀਆਂ ਫਿਰਨੀਆਂ ਵਿਚੋਂ ਦੀ ਲਾਂਘੇ ਬਣਾ ਕੇ ਭਾਰੀ ਵਾਹਨ ਲੰਘਾਏ ਜਾਂਦੇ ਸਨ, ਜਿਸ ਵਿਰੁਧ ਪਿੰਡ ਵਾਸੀਆਂ ਵਲੋਂ ਕੀਤੇ ਸੰਘਰਸ਼ ਉਪਰੰਤ ਇਹ ਬੰਦ ਹੋਏ ਸਨ। ਪਿਛਲੇ ਕੁੱਝ ਦਿਨਾਂ ਤੋਂ ਮੁੜ ਕਰੱਸ਼ਰ ਮਾਲਕਾਂ ਨੇ ਪਿੰਡ ਵਾਸੀਆਂ ਦੀਆਂ ਜ਼ਮੀਨਾ ਵਿਚੋਂ ਦੀ ਲਾਂਘੇ ਕੱਢਣੇ ਸ਼ੁਰੂ ਕੀਤੇ ਸਨ। ਕਰੀਬ 3 ਦਿਨ ਪਹਿਲਾਂ ਕਰੱਸ਼ਰ ਮਾਲਕਾਂ ਦੇ ਕਾਰਿੰਦਿਆਂ ਨੇ ਕਿਸਾਨਾਂ ਦੇ ਕਰੀਬ 50-60 ਬੂਟੇ ਜੇ.ਸੀ.ਬੀ. ਮਸ਼ੀਨਾ ਨਾਲ ਪੁੱਟ ਕੇ ਖੇਤਾਂ ਵਿਚ ਦੀ ਲਾਂਘਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਪਤਾ ਲੱਗਣ 'ਤੇ ਪਿੰਡ ਦੀਆਂ ਔਰਤਾਂ ਗਈਆਂ ਤਾਂ ਕਰੱਸ਼ਰ ਮਾਲਕਾਂ ਦੇ ਕਾਰਿੰਦੇ ਅਪਣੀਆਂ ਮਸ਼ੀਨਾਂ ਸਮੇਤ ਭੱਜ ਗਏ।
ਅੱਜ ਮੁੜ ਦੁਪਹਿਰ ਵੇਲੇ ਕਰੱਸ਼ਰ ਮਾਲਕਾਂ ਦੇ ਕਾਰਿੰਦਿਆਂ ਨੇ ਉਥੇ ਨਹਿਰ ਦਾ 22 ਫ਼ੁਟ ਰਸਤਾ ਹੋਣ ਦਾ ਦਾਅਵਾ ਕਰ ਕੇ ਜੇਸੀਬੀ ਨਾਲ ਰਸਤਾ ਕੱਢਣਾ ਸ਼ੁਰੂ ਕਰ ਦਿਤਾ। ਜਿਸ 'ਤੇ ਪਿੰਡ ਦੀਆਂ ਇਕੱਤਰ ਹੋਈਆਂ ਔਰਤਾਂ ਨੇ ਜੇ.ਸੀ.ਬੀ. ਘੇਰ ਲਈ ਅਤੇ ਦਾਅਵਾ ਕੀਤਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲਿਆ ਕੇ ਲਾਂਘਾ ਕੱਢਿਆ ਜਾਵੇ। ਕਾਰਿੰਦੇ ਗਾਲੀ ਗਲੋਚ ਕਰਨ ਲੱਗੇ ਤਾਂ ਔਰਤਾਂ ਨੇ ਭਜਾ ਦਿਤੇ। ਜਿਹੜੇ ਮੁੜ ਇਕੱਠੇ ਹੋ ਕੇ ਅਪਣੀ ਜੇ.ਸੀ.ਬੀ. ਲੈ ਕੇ ਗਏ ਹਨ।
ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਜੇ.ਸੀ.ਬੀ. ਨਾਲ ਪੁੱਟੇ ਬੂਟਿਆਂ ਦੇ ਨਕੁਸਾਨ ਦਾ ਹਰਜ਼ਾਨਾ ਕਰੱਸ਼ਰ ਮਾਲਕਾਂ ਕੋਲੋਂ ਦੁਆ ਕੇ ਉਨ੍ਹਾਂ ਨੂੰ ਲਾਂਘਾ ਕੱਢਣ ਤੋਂ ਰੋਕਿਆ ਜਾਵੇ। ਔਰਤਾਂ ਨੇ ਚੇਤਾਵਨੀ ਦਿਤੀ ਕਿ ਜੇਕਰ ਕਰੱਸ਼ਰ ਮਾਲਕਾਂ ਦੇ ਕਾਰਿੰਦੇ ਅਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਹ ਪੱਕਾ ਧਰਨਾ ਲਗਾ ਦੇਣਗੇ।