
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਦੀ ਚੰਗੀ ਸਿਹਤ ਦੇ ਮੱਦੇਨਜ਼ਰ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ
ਪਟਿਆਲਾ,: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਦੀ ਚੰਗੀ ਸਿਹਤ ਦੇ ਮੱਦੇਨਜ਼ਰ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਸਮੇਤ ਜ਼ਿਲ੍ਹੇ ਭਰ ਵਿਖੇ ਐਸ.ਡੀ.ਐਮਜ ਅਤੇ ਐਸ.ਐਮ.ਓਜ ਦੀਆਂ ਟੀਮਾਂ ਨੇ ਅੱਜ ਮੁੜ ਤੋਂ ਫ਼ਲਾਂ ਤੇ ਸਬਜ਼ੀਆਂ ਦੀਆਂ 200 ਦੇ ਕਰੀਬ ਦੁਕਾਨਾਂ ਅਤੇ ਰੇਹੜੀਆਂ ਦਾ ਨਿਰੀਖਣ ਕੀਤਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦਿੱਤੀ।
ਡੀ.ਸੀ. ਨੇ ਦਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਮੁਹਿੰਮ ਦੌਰਾਨ ਪਟਿਆਲਾ ਵਿਖੇ ਵਿਸ਼ੇਸ਼ ਟੀਮਾਂ ਵੱਲੋਂ ਜਿੱਥੇ ਨਾ ਖਾਣਯੋਗ ਫ਼ਲ ਅਤੇ ਸਬਜ਼ੀਆਂ ਸੁਟਵਾਈਆਂ ਗਈਆਂ ਉਥੇ ਹੀ ਫ਼ਲ ਤੇ ਸਬਜ਼ੀ ਵਿਕਰੇਤਾਵਾਂ ਤੇ ਆਮ ਲੋਕਾਂ ਨੂੰ ਗ਼ੈਰ ਕੁਦਰਤੀ ਢੰਗ ਤਰੀਕਿਆਂ ਨਾਲ ਪਕਾਏ ਫ਼ਲਾਂ ਤੇ ਸਬਜ਼ੀਆਂ ਦੇ ਨੁਕਸਾਨ ਤੋਂ ਜਾਣੂ ਕਰਵਾਇਆ ਗਿਆ। ਜਦੋਂਕਿ ਕੱਚੇ, ਜ਼ਿਆਦਾ ਪੱਕੇ ਤੇ ਗਲੀ ਸੜੀ ਹਾਲਤ ਵਾਲੇ ਫ਼ਲਾਂ ਤੇ ਸਬਜ਼ੀਆਂ ਦੇ ਮਨੁੱਖੀ ਸਰੀਰ ਨੂੰ ਹੁੰਦੇ ਨੁਕਸਾਨ ਬਾਬਤ ਜਾਗਰੂਕ ਵੀ ਕੀਤਾ ਗਿਆ।
ਪਟਿਆਲਾ ਸ਼ਹਿਰ ਲਈ ਗਠਿਤ ਦੋ ਟੀਮਾਂ ਵਿੱਚ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮਿਸ. ਇਨਾਯਤ ਅਤੇ ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ ਨੇ ਅਗਵਾਈ ਕੀਤੀ। ਇਨ੍ਹਾਂ ਟੀਮਾਂ 'ਚ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕ੍ਰਿਸ਼ਨ ਸਿੰਘ, ਸਹਾਇਕ ਸਿਹਤ ਅਫ਼ਸਰ ਡਾ. ਮਲਕੀਤ ਸਿੰਘ, ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਗੁਰਮੀਤ ਸਿੰਘ ਸਮੇਤ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।
ਵਿਸ਼ੇਸ਼ ਟੀਮਾਂ ਵਲੋਂ ਬੱਸ ਅੱਡੇ ਦੇ ਅੰਦਰ ਤੇ ਬਾਹਰ ਮਾਰਕੀਟ, ਧਰਮਪੁਰਾ ਬਾਜ਼ਾਰ, ਸ਼ੇਰਾਂ ਵਾਲਾ ਗੇਟ, ਲੀਲ੍ਹਾ ਭਵਨ, ਆਰੀਆ ਸਮਾਜ ਚੌਂਕ, ਰਾਜਪੁਰਾ ਕਲੋਨੀ, ਗੁਰਬਖ਼ਸ਼ ਕਲੋਨੀ ਤੇ ਗੁਰ ਨਾਨਕ ਨਗਰ ਦੀ ਮਾਰਕੀਟ, ਬਾਈਪਾਸ ਹੁੰਦੇ ਹੋਏ ਪੰਜਾਬੀ ਯੂਨੀਵਰਸਿਟੀ ਅਤੇ ਬਹਾਦਰਗੜ੍ਹ ਕਸਬਾ, ਸਨੌਰੀ ਅੱਡਾ, ਵਾਈ.ਪੀ.ਐਸ. ਸਕੂਲ ਵਾਲੀ ਮਾਰਕੀਟ 'ਚ ਫ਼ਲਾਂ ਤੇ ਸਬਜ਼ੀਆਂ ਦੇ ਵਿਕਰੇਤਾ ਰੇਹੜੀਆਂ ਤੇ ਦੁਕਾਨਾਂ ਦੇ ਮਾਲਕਾਂ ਨੂੰ ਜਾਗਰੂਕ ਵੀ ਕੀਤਾ ਅਤੇ ਨਾ ਖਾਣਯੋਗ ਪਦਾਰਥ, ਸੜੇ ਅੰਬ, ਕੇਲੇ, ਲੀਚੀਆਂ, ਤਰਬੂਜ, ਖਰਬੂਜੇ, ਟਮਾਟਰ ਆਦਿ ਫ਼ਲ ਸਬਜ਼ੀਆਂ ਸੁਟਵਾਏ ਗਏ।
ਅੱਜ ਦੀ ਕਾਰਵਾਈ ਬਾਰੇ ਮਿਸ. ਇਨਾਯਤ ਨੇ ਦੱਸਿਆ ਕਿ ਉਨ੍ਹਾਂ ਨਾਲ ਨਗਰ ਨਿਗਮ ਦੀ ਟੀਮ ਮੌਜੂਦ ਰਹੀ, ਜਿਸ ਵੱਲੋਂ ਗਲੇ ਸੜੇ ਪਦਾਰਥ ਆਪਣੀਆਂ ਗੱਡੀਆਂ 'ਚ ਸੁਟਵਾ ਕੇ ਅੱਗੇ ਨਸ਼ਟ ਕੀਤੇ ਗਏ ਤੇ ਕਾਰਬਾਈਡ ਜਾਂ ਹੋਰ ਰਸਾਇਣਾਂ ਨਾਲ ਪਕਾਏ ਫ਼ਲ ਸਬਜ਼ੀਆਂ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸੇ ਦੌਰਾਨ ਸਮਾਣਾ, ਨਾਭਾ, ਰਾਜਪੁਰਾ ਆਦਿ ਵਿਖੇ ਵੀ ਐਸ.ਡੀ.ਐਮ. ਸਾਹਿਬਾਨ ਨਾਲ ਤਾਲਮੇਲ ਕਰਕੇ ਐਸ.ਐਮ.ਓਜ ਵੱਲੋਂ ਗਠਿਤ ਕੀਤੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਕਾਰਵਾਈ ਕੀਤੀ।