
ਰਾਹੁਲ ਗਾਂਧੀ ਨੇ ਤਿੰਨ ਮੈਂਬਰੀ ਪਾਰਟੀ ਪੈਨਲ ਦੇ ਆਗੂਆਂ ਦੇ ਵਿਚਾਰ ਸੁਣੇ
ਪੈਨਲ ਦੀ ਰੀਪੋਰਟ ਦੇ ਸੰਦਰਭ ਵਿਚ ਹੋਈ ਗੱਲਬਾਤ, ਸੂਬਾ ਸੰਗਠਨ ਤੇ ਸਰਕਾਰ ਵਿਚ ਫੇਰਬਦਲ ਅਤੇ
ਚੰਡੀਗੜ੍ਹ, 13 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਮਸਲੇ ਦੇ ਹੱਲ ਲਈ ਹੁਣ ਕਾਂਗਰਸ ਹਾਈ ਕਮਾਨ ਨੇ ਕਦਮ ਅੱਗੇ ਵਧਾਉਣੇ ਸ਼ੁਰੂ ਕਰ ਦਿਤੇ ਹਨ | ਅੱਜ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਸਲੇ ਦੇ ਹੱਲ ਲਈ ਬਣੇ ਪਾਰਟੀ ਦੇ ਤਿੰਨ ਮੈਂਬਰੀ ਪੈਨਲ ਦੇ ਆਗੂਆਂ ਨਾਲ ਮੀਟਿੰਗ ਕੀਤੀ | ਇਹ ਪੈਨਲ ਅਪਣੀ 5 ਦਿਨ ਦੀ ਸੁਣਵਾਈ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਅਪਣੀ ਰਿਪੋਰਟ ਪਿਛਲੇ ਦਿਨੀਂ ਸੌਂਪ ਚੁਕਾ ਹੈ |
ਪਤਾ ਲਗਾ ਹੈ ਕਿ ਅੱਜ ਦੀ ਮੀਟਿੰਗ ਸੋਨੀਆ ਗਾਂਧੀ ਦੇ ਕਹਿਣ 'ਤੇ ਹੀ ਰਾਹੁਲ ਗਾਂਧੀ ਨੇ ਕੀਤੀ ਹੈ ਤਾਂ ਜੋ ਕੋਈ ਢੁਕਵਾਂ ਹੱਲ ਕੀਤਾ ਜਾ ਸਕੇ | ਰਾਹੁਲ ਗਾਂਧੀ ਨਾਲ ਅੱਜ ਪਾਰਟੀ ਪੈਨਲ ਦੇ ਤਿੰਨ ਆਗੂਆਂ ਮਲਿਕਾ ਅਰਜੁਨ ਖੜਗੇ, ਹਰੀਸ਼ ਰਾਵਤ ਤੇ ਜੇ.ਪੀ. ਅਗਰਵਾਲ ਨੇ 1 ਘੰਟੇ ਤੋਂ ਵੱਧ ਸਮਾਂ ਗੱਲਬਾਤ ਕੀਤੀ | ਪਾਰਟੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਪੈਨਲ ਦੀਆਂ ਸਿਫ਼ਾਰਸ਼ਾਂ ਨੂੰ ਵਿਸਥਾਰ ਵਿਚ ਸੁਣਨ ਤੋਂ ਇਲਾਵਾ ਹੱਲ ਲਈ ਸੁਝਾਅ ਲਏ |
ਪੈਨਲ ਦੀਆਂ ਸਿਫ਼ਾਰਸ਼ਾਂ ਮੁੱਖ ਤੌਰ 'ਤੇ ਪਾਰਟੀ ਸੰਗਠਨ ਤੇ ਸਰਕਾਰ ਵਿਚ ਵੱਡੇ ਫੇਰਬਦਲ ਤੋਂ ਇਲਾਵਾ ਨਵਜੋਤ ਸਿੱਧੂ ਨੂੰ ਦਿਤੀ ਜਾਣ ਵਾਲੀ ਜ਼ਿੰਮੇਵਾਰੀ ਨਾਲ ਸਬੰਧਤ ਸੁਝਾਵਾਂ ਦੁਆਲੇ ਹੀ ਕੇਂਦਰਿਤ ਹਨ | ਪੈਨਲ ਦੇ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਮਸਲੇ ਦਾ ਛੇਤੀ ਹੱਲ ਕਰਨ 'ਤੇ ਜ਼ੋਰ ਦਿਤਾ ਗਿਆ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਨੇੜੇ ਹਨ | ਪਾਰਟੀ ਸੰਗਠਨ ਹੇਠਲੇ ਪੱਧਰ ਤਕ ਪੂਰੀ ਤਰ੍ਹਾਂ ਤਿਆਰ ਕਰਨ 'ਤੇ ਜ਼ਿਆਦਾ ਜ਼ੋਰ ਦਿਤਾ ਗਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਪ੍ਰਗਟ ਸਿੰਘ ਵਲੋਂ ਹਾਲੇ ਵੀ ਮੁੱਖ ਮੰਤਰੀ ਬਾਰੇ ਬਿਆਨਬਾਜ਼ੀ ਜਾਰੀ ਰੱਖਣ ਦਾ ਮਾਮਲਾ ਵੀ ਵਿਚਾਰਿਆ ਗਿਆ ਤੇ ਪਾਰਟੀ ਅਨੁਸ਼ਾਸਨ ਹਰ ਹਾਲਤ ਵਿਚ ਬਣਾਏ ਰੱਖਣ ਦੀ ਪੈਨਲ ਮੈਂਬਰਾਂ ਨੇ ਰਾਹੁਲ ਗਾਂਧੀ ਕੋਲ ਗੱਲ ਰੱਖੀ | ਰਾਹੁਲ ਗਾਂਧੀ ਤੋਂ ਬਾਅਦ ਹੁਣ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਗਲੇ ਦਿਨਾਂ ਵਿਚ ਕੋਈ ਫ਼ੈਸਲਾ ਸੁਣਾ ਸਕਦੇ ਹਨ | ਹੁਣ ਸੱਭ ਨਜ਼ਰਾਂ ਸੋਨੀਆ ਗਾਂਧੀ ਵਲ ਲੱਗ ਚੁੱਕੀਆਂ ਹਨ |
ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੀ ਸੂਬਾ ਕਾਂਗਰਸ ਦੀ ਮੌਜੂਦਾ ਸਥਿਤੀ 'ਤੇ ਪੂਰੀ ਨਜ਼ਰ ਰੱਖ ਰਹੀਆਂ ਹਨ | ਜੇਕਰ ਕਾਂਗਰਸ ਦਾ ਮਸਲਾ ਹੁਣ ਵੀ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਸਮੀਕਰਨ ਵੱਡੀ ਪੱਧਰ 'ਤੇ ਬਦਲ ਸਕਦੇ ਹਨ | ਅਕਾਲੀ-ਬਸਪਾ ਗਠਜੋੜ ਬਾਅਦ ਵੀ ਕਾਂਗਰਸ ਲਈ ਹੁਣ ਵਧੇਰੇ ਇਕਜੁਟ ਹੋਣ ਦੀ ਲੋੜ ਵੱਧ ਗਈ ਹੈ |