
ਹੁਣ 3.31 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ ਪਾਣੀ
Chandigarh Free Water : ਚੰਡੀਗੜ੍ਹ 'ਚ ਮੁਫ਼ਤ ਪਾਣੀ ਦੀ ਬਜਾਏ ਪਹਿਲੀ ਅਪ੍ਰੈਲ ਤੋਂ ਪਾਣੀ ਦੀਆਂ ਕੀਮਤਾਂ ਵੱਧ ਗਈਆਂ ਹਨ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵਧੀਆਂ ਕੀਮਤਾਂ 'ਤੇ ਮੋਹਰ ਲਗਾ ਦਿੱਤੀ ਹੈ। ਹੁਣ ਇਹ ਬਿੱਲ ਵਧੀਆਂ ਕੀਮਤਾਂ ਦੇ ਹਿਸਾਬ ਨਾਲ ਹੀ ਆਵੇਗਾ। ਘਰ ਲਈ ਜੋ ਪਹਿਲਾਂ 15 ਕਿਲੋ ਲੀਟਰ ਤੱਕ 3.15 ਰੁਪਏ ਸੀ, ਹੁਣ ਇਹ ਵਧ ਕੇ 3.31 ਰੁਪਏ ਪ੍ਰਤੀ ਕਿਲੋ ਲੀਟਰ ਦੇ ਹਿਸਾਬ ਨਾਲ ਹੋ ਗਿਆ ਹੈ।
ਜੋ ਪਹਿਲਾਂ 16 ਤੋਂ 30 ਕਿਲੋ ਲੀਟਰ ਦੀ ਕੀਮਤ 6.30 ਰੁਪਏ ਸੀ, ਹੁਣ ਵਧ ਕੇ 6.62 ਰੁਪਏ ਹੋ ਗਈ ਹੈ। 31 ਤੋਂ 60 ਕਿਲੋਮੀਟਰ ਲਈ ਜੋ ਕੀਮਤ 10.50 ਰੁਪਏ ਸੀ ਹੁਣ ਵਧਾ ਕੇ 11.03 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 60 ਕਿਲੋਮੀਟਰ ਤੋਂ ਉਪਰ ਲਈ ਜੋ ਚਾਰਜ 21 ਰੁਪਏ ਸੀ, ਨੂੰ ਵਧਾ ਕੇ 22.05 ਰੁਪਏ ਕਰ ਦਿੱਤਾ ਗਿਆ ਹੈ।
24 ਘੰਟੇ ਜਲ ਸਪਲਾਈ ਪ੍ਰਾਜੈਕਟ ਲਈ ਲਿਆ ਕਰਜ਼ਾ
ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਚੰਡੀਗੜ੍ਹ ਵਿੱਚ 24 ਘੰਟੇ ਪਾਣੀ ਦੀ ਸਪਲਾਈ ਲਈ ਸਰਕਾਰ ਵੱਲੋਂ ਨਗਰ ਨਿਗਮ ਨੂੰ 68 ਮਿਲੀਅਨ ਯੂਰੋ ਦੀ ਰਾਸ਼ੀ ਦਿੱਤੀ ਗਈ ਹੈ। ਜਿਸ ਵਿੱਚ 48.83 ਮਿਲੀਅਨ ਯੂਰੋ ਦਾ ਕਰਜ਼ਾ ਹੈ ਅਤੇ 11.38 ਮਿਲੀਅਨ ਯੂਰੋ ਦੀ ਗਰਾਂਟ ਜਾਰੀ ਕੀਤੀ ਗਈ ਹੈ।
ਸਮਝੌਤੇ ਅਨੁਸਾਰ ਇਸ ਦੀ ਅਦਾਇਗੀ 30 ਵੱਖ-ਵੱਖ ਕਿਸ਼ਤਾਂ ਵਿੱਚ ਕੀਤੀ ਜਾਣੀ ਹੈ। ਇਹ ਕਿਸ਼ਤ ਹਰ 6 ਮਹੀਨੇ ਬਾਅਦ ਅਦਾ ਕਰਨੀ ਪਵੇਗੀ। ਜੇਕਰ ਇਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਇਸ 'ਤੇ ਵਿਆਜ ਵੀ ਦੇਣਾ ਹੋਵੇਗਾ। ਇਸ ਲਈ ਮੁਫ਼ਤ ਪਾਣੀ ਦੇਣਾ ਸੰਭਵ ਨਹੀਂ ਹੈ।
19.70 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ
ਪ੍ਰਸ਼ਾਸਨ ਨੇ 20000 ਲੀਟਰ ਮੁਫ਼ਤ ਪਾਣੀ ਦੇਣ ਦੀ ਰਿਪੋਰਟ ਵੀ ਤਿਆਰ ਕਰ ਲਈ ਹੈ। ਇਸ ਰਿਪੋਰਟ ਅਨੁਸਾਰ ਸ਼ਹਿਰ ਵਿੱਚ ਕਰੀਬ 164926 ਪਾਣੀ ਦੇ ਕੁਨੈਕਸ਼ਨ ਹਨ। ਉਨ੍ਹਾਂ ਨੂੰ ਪ੍ਰਤੀ ਮਹੀਨਾ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇਣ ਨਾਲ ਨਗਰ ਨਿਗਮ ਨੂੰ ਕਰੀਬ 19.70 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਸ ਵਿੱਚ ਪਾਣੀ ਦੇ ਨੁਕਸਾਨ ਲਈ ਕਰੀਬ 16.42 ਕਰੋੜ ਰੁਪਏ ਅਤੇ ਸੀਵਰੇਜ ਸੈੱਸ ਦੇ ਕਰੀਬ 3.28 ਕਰੋੜ ਰੁਪਏ ਦਾ ਨੁਕਸਾਨ ਸ਼ਾਮਲ ਹੈ। ਇਸ ਲਈ ਮੁਫ਼ਤ ਪਾਣੀ ਦੇਣਾ ਸੰਭਵ ਨਹੀਂ ਹੈ।
ਚੰਡੀਗੜ੍ਹ ਨਗਰ ਨਿਗਮ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਗ੍ਰਾਂਟਾਂ 'ਤੇ ਨਿਰਭਰ ਕਰਦਾ ਹੈ। ਨਗਰ ਨਿਗਮ ਨੂੰ ਸਿਰਫ਼ ਪਾਣੀ ਦੇ ਬਿੱਲ, ਪ੍ਰਾਪਰਟੀ ਟੈਕਸ, ਸਰਕਾਰੀ ਇਮਾਰਤਾਂ ਦੇ ਕਿਰਾਏ ਅਤੇ ਪਾਰਕਿੰਗ ਤੋਂ ਹੀ ਆਮਦਨ ਹੁੰਦੀ ਹੈ।