
ਕੋਰੋਨਾ ਮਹਾਂਮਾਰੀ ਕਰ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਸਰਕਾਰੀ ਦਫ਼ਤਰਾਂ ’ਚ
ਲੁਧਿਆਣਾ, 13 ਜੁਲਾਈ (ਪਪ): ਕੋਰੋਨਾ ਮਹਾਂਮਾਰੀ ਕਰ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਸਰਕਾਰੀ ਦਫ਼ਤਰਾਂ ’ਚ ਲੋਕਾਂ ਦਾ ਦਾਖ਼ਲਾ ਬੰਦ ਕਰ ਦਿਤਾ ਗਿਆ ਹੈ। ਲੋਕਾਂ ਦੀਆਂ ਸ਼ਿਕਾਇਤਾਂ ਮੰਗ ਪੱਤਰਾਂ ਤੇ ਹੋਰ ਕੰਮਾਂ ਲਈ ਸ਼ਿਕਾਇਤ ਬਕਸਾ ਲਗਾ ਦਿਤਾ ਗਿਆ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵਲੋਂ ਅਗਲੇ ਹੁਕਮਾਂ ਤਕ ਇਹ ਫ਼ੈਸਲਾ ਲਾਗੂ ਰੱਖਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਏ.ਡੀ.ਸੀ. ਜਨਰਲ ਅਮਰਜੀਤ ਸਿੰਘ ਬੈਂਸ ਅਤੇ ਏ.ਡੀ.ਸੀ. ਜਗਰਾਉਂ ਨੀਰੂ ਕਤਿਆਲ ਗੁਪਤਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਧਰ ਅੱਜ ਲੁਧਿਆਣਾ ’ਚ ਅੱਜ ਕੋਰੋਨਾ ਨਾਲ ਸਬੰਧਤ ਜ਼ਬਰਦਸਤ ਧਮਾਕਾ ਹੋਣ ਪਿੱਛੋਂ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਗਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ 126 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 10 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਤ ਹਨ ।
ਪਟਿਆਲਾ ਜੁਲਾਈ, (ਪਪ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕੋਵਿਡ- 19 ਮਹਾਂਮਾਰੀ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੇ ਮੁੱਖ ਦਫ਼ਤਰ ਦੇ ਸੁਰੱਖਿਅਤ ਸੰਚਾਲਣ ਲਈ ਆਮ ਪਬਲਿਕ ਦੀ ਐਂਟਰੀ ਬੰਦ ਕਰਨ ਅਤੇ ਪਬਲਿਕ ਡੀਲਿੰਗ ਦਾ ਕੰਮ ਅਗਲੇਰੇ ਹੁਕਮਾਂ ਤਕ ਬੰਦ ਕਰਨ ਸਬੰਧੀ ਨੇ ਇਕ ਫ਼ੈਸਲਾ ਲਿਆ ਗਿਆ ਹੈ।
ਇਹ ਜਾਣਕਾਰੀ ਅੱਜ ਇਥੇ ਪੀਐਸਪੀਸੀਐਲ ਦੇ ਡਾਇਰੈਕਟਰ ਪ੍ਰਬੰਧਕੀ ਸ਼੍ਰੀ ਆਰ.ਪੀ.ਪਾਂਡਵ ਨੇ ਇਕ ਪ੍ਰੈਸ ਨੋਟ ਰਾਹੀਂ ਦਿਤੀ ਸ਼੍ਰੀ ਆਰ ਪੀ.ਪਾਂਡਵ ਨੇ ਕਿਹਾ ਦਫ਼ਤਰੀ ਕੰਮ-ਕਾਜ ਲਈ ਫ਼ੀਲਡ ਦਫ਼ਤਰਾਂ ਤੋਂ ਆਉਣ ਵਾਲੇ ਕਰਮਚਾਰੀਆਂ ਨੂੰ ਸਬੰਧਤ ਦਫ਼ਤਰ ਤੋਂ ਸਹਿਮਤੀ ਲੈਣ ਉਪਰੰਤ ਸ਼ਨਾਖ਼ਤੀ ਕਾਰਡ ਚੈਕ ਕਰ ਕੇ ਅਤੇ ਸੈਨੇਟਾਈਜੇਸ਼ਨ ਦੀ ਯੋਗ ਪ੍ਰਕਿਰਿਆ ਪੂਰੀ ਕਰਨ ਉਪਰੰਤ ਹੀ ਸੁਰੱਖਿਆ ਅਮਲੇ ਵਲੋਂ ਮੁੱਖ ਦਫ਼ਤਰ ਪਟਿਆਲਾ ਵਿਖੇ ਐਂਟਰੀ ਦਿਤੀ ਜਾਵੇਗੀ।