
ਪਿਛਲੇ ਕਈ ਵਰਿ੍ਹਆਂ ਤੋਂ ਪੰਜਾਬ ਵਿਚ ਹਰ ਸਿੱਖ-ਵਿਰੋਧੀ ਛੇੜਛਾੜ ਤੇ ਪੰਗਾਬਾਜ਼ੀ ਕਰ ਕੇ ਸਿੱਖਾਂ ਦੇ ਦਿਲ ਵਲੂੰਧਰਣ
ਚੰਡੀਗੜ੍ਹ, 13 ਜੁਲਾਈ (ਜੀ.ਸੀ.ਭਾਰਦਵਾਜ) : ਪਿਛਲੇ ਕਈ ਵਰਿ੍ਹਆਂ ਤੋਂ ਪੰਜਾਬ ਵਿਚ ਹਰ ਸਿੱਖ-ਵਿਰੋਧੀ ਛੇੜਛਾੜ ਤੇ ਪੰਗਾਬਾਜ਼ੀ ਕਰ ਕੇ ਸਿੱਖਾਂ ਦੇ ਦਿਲ ਵਲੂੰਧਰਣ ਵਾਲੇ ਡੇਰਾ ਪ੍ਰੇਮੀਆਂ ਨੂੰ ਸ਼ਿਕਾਇਤ ਹੋਣ ਲੱਗ ਪਈ ਹੇ ਕਿ ਉਨ੍ਹਾਂ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਜੇ ਕੇਂਦਰ ਸਰਕਾਰ ਉਨ੍ਹਾਂ ਨੂੰ ਸੀ.ਬੀ.ਆਈ ਕੋਲੋਂ ਰਾਹਤ ਦਿਵਾ ਦੇਂਦੀ ਹੈ ਤਾਂ ਬੇਅਦਬੀਆਂ ਤੋਂ ਦੁਖੀ ਹੋਏ ਸਿੱਖਾਂ ਦੀ ਮੰਗ ਮੰਨ ਕੇ ਪੰਜਾਬ ਪੁਲਿਸ ਕੋਲੋਂ ਪੜਤਾਲ ਕਿਉਂ ਕਰਵਾਈ ਜਾ ਰਹੀ ਹੈ?
ਡੇਰਾ ਸਿਰਸਾ ਦੇ ਕਮੇਟੀ ਮੈਂਬਰਾਂ ਤੇ ਵਕੀਲਾਂ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਮੰਨਿਆ ਕਿ ਮੌਕੇ ਦੀਆਂ ਸਰਕਾਰਾਂ, ਵੋਟਾਂ ਖ਼ਾਤਰ ਪ੍ਰੇਮੀਆਂ ਨੂੰ ਅਪਣੇ ਮੁਫ਼ਾਦ ਲਈ ਵਰਤਦੀਆਂ ਰਹੀਆਂ ਹਨ। ਉਨ੍ਹਾਂ ਨੇ ਇਸ ਸਬੰਧੀ ਵੇਰਵੇ ਵੀ ਦਿਤੇ ਕਿ ਸਰਕਾਰਾਂ ਬਣਾਉਣ ਲਈ ਉਨ੍ਹਾਂ ਨੇ ਕਦੋਂ ਕਦੋਂ ਕਿਸ ਨੂੰ ਵੋਟਾਂ ਦਿਤੀਆਂ ਜਿਸ ਮਗਰੋਂ ਸਿੱਖਾਂ ਨਾਲ ਪੰਗਾ ਲੈਣ ਦਾ ਉਨ੍ਹਾਂ ਦਾ ਹੌਂਸਲਾ ਵਧ ਗਿਆ।
File Photo
2007 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਵਰਤਿਆ ਅਤੇ 2017 ਦੀਆਂ ਚੋਣਾਂ ਮੌਕੇ ਅਕਾਲੀ ਦਲ ਬਾਦਲ ਨੇ ਵੋਟਾਂ ਲਈ ਡੇਰੇ ਨੂੰ ਪਲੋਸਿਆ। ਮੀਡੀਆ ਨਾਲ ਅਪਣੇ ਦੁੱਖ ਤੇ ਰੋਸ ਦੀ ਚਰਚਾ ਕਰਦੇ ਹੋਏ ਕਮੇਟੀ ਮੈਂਬਰਾਂ ਤੇ ਵਕੀਲਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਉਤਪੰਨ ਹੋਈ ਸਥਿਤੀ ਕਾਰਨ ਸੋਸ਼ਲ ਮੀਡੀਆ ਭਾਰੂ ਹੋ ਗਿਆ ਹੈ ਅਤੇ ਅਦਾਲਤਾਂ ਵਿਚ ਬੇਅਦਬੀ ਦੇ ਮਾਮਲੇ ਅਜੇ ਚਲੀ ਜਾ ਰਹੇ ਹਨ
ਪਰ 7 ਬੇਦੋਸ਼ੇ ਪ੍ਰੇਮੀਆਂ, ਮਹਿੰਰਦਪਾਲ ਬਿੱਟੂ, ਸੁਖਜਿੰਦਰ ਉਰਫ਼ ਸੰਨੀ, ਸ਼ਕਤੀ ਸਿੰਘ, ਰਣਦੀਪ ਉਰਫ਼ ਨੀਟਾ, ਬਲਜੀਤ ਸਿੰਘ, ਨਰਿੰਦਰ ਸ਼ਰਮਾ ਤੇ ਨਿਸ਼ਾਨ ਸਿੰਘ ਵਿਰੁਧ ਪੰਜਾਬ ਪੁਲਿਸ ਨੇ ਹੋਰ ਚਲਾਨ ਕੱਟ ਦਿਤੇ ਹਨ ਜੋ ਸਰਾਸਰ ਧੱਕਾ, ਪੁਲਿਸ ਦੀ ਜ਼ਿਆਦਤੀ ਅਤੇ ਸਾਜ਼ਸ਼ ਤਹਿਤ ਫਸਾਉਣ ਦਾ ਕਦਮ ਹੈ। ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਚਲ ਰਹੀ ਪੁਲਿਸ ਨੇ ਸਿਰਸਾ ਡੇਰਾ ਅਤੇ ਉਸ ਦੇ ਸ਼ਰਧਾਲੂਆਂ ਪ੍ਰੇਮੀਆਂ ਵਿਰੁਧ ਐਸਾ ਮਾਹੌਲ ਬਣਾ ਦਿਤਾ ਹੈ ਕਿ ਸਾਰੇ ਬੇਅਦਬੀ ਮਾਮਲਿਆਂ ਵਿਚ ਕੇਵਲ ਉਹੀ ਪ੍ਰੇਮੀ ਦੋਸ਼ੀ ਹਨ।