
ਦੋਹਾਂ ਸੂਬਿਆਂ ’ਚ 26,495 ਲੋਕਾਂ ਨੂੰ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿਚ ਮੀਂਹ ਅਤੇ ਹੜ੍ਹਾਂ ਨਾਲ ਸਬੰਧਤ ਘਟਨਾਵਾਂ ਵਿਚ ਕੁੱਲ 39 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਕਰਵਾਰ ਨੂੰ ਵੀ ਦੋਹਾਂ ਸੂਬਿਆਂ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਅਤੇ ਬਚਾਅ ਕਾਰਜ ਜਾਰੀ ਰਿਹਾ।
ਦੋਵਾਂ ਸੂਬਿਆਂ ’ਚ ਇਸ ਹਫਤੇ ਲਗਾਤਾਰ ਤਿੰਨ ਦਿਨ ਭਾਰੀ ਮੀਂਹ ਪਿਆ ਪਰ ਹੁਣ ਕੁਝ ਇਲਾਕਿਆਂ ’ਚੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ, ਫੌਜ ਦੇ ਜਵਾਨਾਂ, ਸੀਮਾ ਸੁਰਖਿਆ ਬਲ (ਬੀ.ਐਸ.ਐਫ.) ਅਤੇ ਕੌਮੀ ਆਫ਼ਤ ਰੋਕੂ ਫ਼ੋਰਸ (ਐਨ.ਡੀ.ਆਰ.ਐਫ.) ਨਾਲ ਹੜ੍ਹ ’ਚ ਫਸੇ ਲੋਕਾਂ ਨੂੰ ਕੱਢਣ ਅਤੇ ਸੁੱਕਾ ਰਾਸ਼ਨ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਪਸ਼ੂਆਂ ਦਾ ਚਾਰਾ ਵੰਡਣ ਲਈ ਕੰਮ ਕਰ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਪੰਜਾਬ ’ਚ ਪਾਣੀ ਭਰੇ ਇਲਾਕਿਆਂ ’ਚੋਂ ਕਰੀਬ 22,000 ਲੋਕਾਂ ਨੂੰ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ, ਜਦਕਿ ਗੁਆਂਢੀ ਸੂਬੇ ਹਰਿਆਣਾ ’ਚ 4,495 ਲੋਕਾਂ ਨੂੰ ਖਤਰੇ ਵਾਲੇ ਖੇਤਰਾਂ ’ਚੋਂ ਬਾਹਰ ਕਢਿਆ ਗਿਆ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ ਹੁਣ ਤਕ ਮੀਂਹ ਨਾਲ ਸਬੰਧਤ ਘਟਨਾਵਾਂ ’ਚ 19 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ ਹਰਿਆਣਾ ’ਚ ਇਹ ਗਿਣਤੀ 20 ਹੈ।
ਉਨ੍ਹਾਂ ਦਸਿਆ ਕਿ ਸ਼ਨਿਚਰਵਾਰ ਅਤੇ ਸੋਮਵਾਰ ਦਰਮਿਆਨ ਦੋਵਾਂ ਰਾਜਾਂ ’ਚ ਹੋਈ ਭਾਰੀ ਬਾਰਿਸ਼ ਕਾਰਨ ਪੰਜਾਬ ਦੇ 14 ਜ਼ਿਲ੍ਹੇ ਅਤੇ ਹਰਿਆਣਾ ਦੇ 13 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ।
ਅਧਿਕਾਰੀਆਂ ਨੇ ਦਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਫ਼ਿਰੋਜ਼ਪੁਰ ਖੇਤਰ ਅਤੇ ਜਲੰਧਰ ਦੇ ਲੋਹੀਆਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਦਸਿਆ ਕਿ ਯਮੁਨਾਨਗਰ ਦੇ ਹਥੀਨੀਕੁੰਡ ਬੈਰਾਜ ’ਤੇ ਸਵੇਰੇ 7 ਵਜੇ ਪਾਣੀ ਦਾ ਵਹਾਅ 65,183 ਕਿਊਸਿਕ, ਸਵੇਰੇ 11 ਵਜੇ 54,554 ਕਿਊਸਿਕ, ਦੁਪਹਿਰ 3 ਵਜੇ 58,495 ਕਿਊਸਿਕ ਅਤੇ ਸ਼ਾਮ 6 ਵਜੇ 56,217 ਕਿਊਸਿਕ ਸੀ। ਉਨ੍ਹਾਂ ਕਿਹਾ ਕਿ ਵਹਾਅ ਦੀ ਦਰ ਮੰਗਲਵਾਰ ਸਵੇਰ ਦੇ 3.21 ਲੱਖ ਕਿਊਸਿਕ ਨਾਲੋਂ ਬਹੁਤ ਘੱਟ ਸੀ।
ਅਧਿਕਾਰੀਆਂ ਨੇ ਦਸਿਆ ਕਿ ਫਤਿਹਗੜ੍ਹ ਸਾਹਿਬ ਸਮੇਤ ਸੇਮ ਵਾਲੇ ਇਲਾਕਿਆਂ ’ਚ ਪਾਣੀ ਘੱਟ ਰਿਹਾ ਹੈ। ਉਨ੍ਹਾਂ ਦਸਿਆ ਕਿ ਸੰਗਰੂਰ ਜ਼ਿਲ੍ਹੇ ਦੀ ਮੂਨਕ ਸਬ-ਡਵੀਜ਼ਨ ਦੇ ਕਈ ਪਿੰਡ ਅਜੇ ਵੀ ਘੱਗਰ ਦਰਿਆ ਦੇ ਪਾਣੀ ’ਚ ਡੁੱਬੇ ਹੋਏ ਹਨ।
ਪਟਿਆਲਾ ’ਚ ਵੀ ਦਰਿਆਵਾਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਪਿੰਡ ਪਾਣੀ ’ਚ ਡੁੱਬ ਗਏ ਹਨ ਅਤੇ ਜ਼ਿਲ੍ਹੇ ਦਾ ਪਾਤੜਾਂ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਸਬ-ਡਿਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਨਵਦੀਪ ਕੁਮਾਰ ਨੇ ਕਿਹਾ ਕਿ ਨੀਵੇਂ ਇਲਾਕਿਆਂ ’ਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਪ੍ਰਭਾਵਿਤ ਲੋਕਾਂ ’ਚ ਰਾਸ਼ਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਹੁਣ ਤਕ 450 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਐਨ.ਡੀ.ਆਰ.ਐਫ. ਦੀ ਟੀਮ ਨੇ ਐਮਰਜੈਂਸੀ ਕਾਲ ਮਿਲਣ ’ਤੇ ਪਟਿਆਲਾ ਦੇ ਡੇਰਾ ਹੀਰਾ ਨਗਰ, ਪਤਾਰਾ ’ਚ ਫਸੀ ਔਰਤ ਨੂੰ ਬਚਾਇਆ।
ਜਲੰਧਰ ਜ਼ਿਲ੍ਹੇ ਦੇ ਮੰਡਾਲਾ ਖੇਤਰ ’ਚ ਸਤਲੁਜ ਦਰਿਆ ਦੇ ਕੰਢੇ ‘ਧੁੰਸੀ ਡੈਮ’ (ਕੰਢੇ) ’ਚ ਕਰੀਬ 350 ਫੁੱਟ ਚੌੜਾ ਪਾੜ ਪੈ ਗਿਆ ਹੈ, ਜਿਸ ਨੂੰ ਭਰਨ ਦਾ ਕੰਮ ਜ਼ੋਰਾਂ ’ਤੇ ਹੈ। ਅਧਿਕਾਰੀਆਂ ਨੇ ਦਸਿਆ ਕਿ 50 ਫੁੱਟ ਚੌੜੀ ਦਰਾੜ ਦੀ ਮੁਰੰਮਤ ਕਰ ਦਿਤੀ ਗਈ ਹੈ ਅਤੇ ਬਾਕੀ ਰਹਿੰਦੇ ਹਿੱਸੇ ਦਾ ਕੰਮ ਅਗਲੇ ਦਿਨਾਂ ’ਚ ਪੂਰਾ ਕਰ ਲਿਆ ਜਾਵੇਗਾ।
ਲੁਧਿਆਣਾ ’ਚ ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਤੇਜ਼ਪੁਰ ਰੋਡ, ਢੋਕਾ ਮੁਹੱਲਾ, ਧਰਮਪੁਰਾ, ਸ਼ਿਵਪੁਰੀ, ਸ਼ਿਵਾਜੀ ਨਗਰ ਅਤੇ ਕਸ਼ਮੀਰ ਨਗਰ ਵਰਗੀਆਂ ਕਈ ਕਲੋਨੀਆਂ ’ਚ ਦਾਖਲ ਹੋ ਗਿਆ ਹੈ। ਨਗਰ ਨਿਗਮ ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਕਲੋਨੀਆਂ ’ਚੋਂ ਪਾਣੀ ਕੱਢਣ ਲਈ ਪੰਪ ਲਗਾਏ ਜਾ ਰਹੇ ਹਨ।
ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਸੂਬੇ ’ਚ ਹੜ੍ਹਾਂ ਕਾਰਨ ਕੁਲ 19 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ’ਚੋਂ ਪਿਛਲੇ ਦੋ ਦਿਨਾਂ ’ਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ 6 ਲੋਕ ਲਾਪਤਾ ਹਨ ਅਤੇ 14 ਹੋਰ ਜ਼ਖਮੀ ਹਨ।
ਪੰਜਾਬ ’ਚ 22,764 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ ਜਦਕਿ 1,179 ਪਿੰਡ ਪ੍ਰਭਾਵਿਤ ਹੋਏ ਹਨ। ਸੂਬੇ ’ਚ 50 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਜਦਕਿ 238 ਘਰ ਅੰਸ਼ਿਕ ਤੌਰ ’ਤੇ ਨੁਕਸਾਨੇ ਗਏ ਹਨ। ਸੂਬਾ ਸਰਕਾਰ ਨੇ ਪ੍ਰਭਾਵਿਤ ਖੇਤਰਾਂ ’ਚ 161 ਰਾਹਤ ਕੈਂਪ ਬਣਾਏ ਹਨ।
ਹਰਿਆਣਾ ਵਲੋਂ ਸ਼ੁਕਰਵਾਰ ਸ਼ਾਮ 4 ਵਜੇ ਤਕ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਸੂਬੇ ’ਚ ਹੜ੍ਹ ਨਾਲ ਸਬੰਧਤ ਘਟਨਾਵਾਂ ’ਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਚਾਰ ਲੋਕਾਂ ਦੀ ਜਾਨ ਚਲੀ ਗਈ ਸੀ।
ਅੰਕੜਿਆਂ ਅਨੁਸਾਰ ਹਰਿਆਣਾ ਦੇ ਕਰੀਬ ਇਕ ਹਜ਼ਾਰ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ, ਜਦਕਿ ਪਹਿਲਾਂ ਇਹ ਗਿਣਤੀ 854 ਪਿੰਡ ਸੀ। ਸੂਬੇ ’ਚ 4,495 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ।
ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਵਲੋਂ ਬਣਾਏ ਗਏ 27 ਰਾਹਤ ਕੈਂਪਾਂ ’ਚ 2469 ਲੋਕ ਰਹਿ ਰਹੇ ਹਨ। ਹਰਿਆਣਾ ’ਚ 127 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਜਦਕਿ 135 ਨੂੰ ਅੰਸ਼ਕ ਨੁਕਸਾਨ ਹੋਇਆ ਹੈ।
ਅਧਿਕਾਰੀਆਂ ਮੁਤਾਬਕ ਮੀਂਹ ਨੇ ਸੂਬੇ ਵਿਚ 1.49 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਵਿਚ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸੜਕਾਂ, ਪੁਲਾਂ, ਪੁਲੀਆਂ ਅਤੇ ਸੁਰਖਿਆ ਦੀਵਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਰੀਬ 15,000 ਭੋਜਨ ਦੇ ਪੈਕੇਟ ਅਤੇ ਰਾਹਤ ਸਮੱਗਰੀ ਵੰਡੀ ਗਈ ਹੈ।
ਉਨ੍ਹਾਂ ਦਸਿਆ ਕਿ ਹਰਿਆਣਾ ਦੇ ਅੰਬਾਲਾ, ਫਤਿਹਾਬਾਦ, ਫਰੀਦਾਬਾਦ, ਪੰਚਕੂਲਾ, ਝੱਜਰ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ ਪਲਵਲ, ਸਿਰਸਾ, ਕੈਥਲ ਅਤੇ ਯਮੁਨਾਨਗਰ ਸਮੇਤ 13 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ।
ਕਾਂਗਰਸ ਦੀ ਹਰਿਆਣਾ ਇਕਾਈ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਫਸਲਾਂ ਅਤੇ ਜਾਇਦਾਦ ਦੇ ਨੁਕਸਾਨ ਦਾ ਤੁਰੰਤ ਸਰਵੇਖਣ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਪੰਚਕੂਲਾ ਜ਼ਿਲ੍ਹੇ ਦੀ ਸਥਿਤੀ ਦਾ ਜਾਇਜ਼ਾ ਲਿਆ।
ਪੰਜਾਬ ’ਚ ਹੜ੍ਹਾਂ ਕਾਰਨ 2.40 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਇਆ
ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਹੜ੍ਹਾਂ ਕਾਰਨ ਲਗਭਗ 2.40 ਲੱਖ ਹੈਕਟੇਅਰ ਝੋਨੇ ਦੀ ਫਸਲ ਤਬਾਹ ਹੋਣ ਦਾ ਖਦਸ਼ਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਕਿਹਾ, ‘‘ਮੀਂਹ ਕਾਰਨ 2.40 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ ਅਤੇ ਇਸ ’ਚੋਂ 83,000 ਹੈਕਟੇਅਰ ਤੋਂ ਵੱਧ ਰਕਬੇ ’ਚ ਦੁਬਾਰਾ ਬਿਜਾਈ ਕੀਤੀ ਜਾਵੇਗੀ।’’
ਉਨ੍ਹਾਂ ਦਸਿਆ ਕਿ ਪਟਿਆਲਾ, ਸੰਗਰੂਰ, ਮੋਹਾਲੀ, ਲੁਧਿਆਣਾ, ਜਲੰਧਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ’ਚ ਝੋਨੇ ਦੀ ਫ਼ਸਲ ਨੂੰ ਮੁੱਖ ਤੌਰ ’ਤੇ ਨੁਕਸਾਨ ਪਹੁੰਚਿਆ ਹੈ।
ਅਧਿਕਾਰੀ ਨੇ ਦਸਿਆ ਕਿ ਕਿਸਾਨਾਂ ਨੂੰ ਫ਼ਸਲ ਦੀ ਮੁੜ ਬਿਜਾਈ ਲਈ ਝੋਨੇ ਦੀਆਂ ਨਰਸਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਝੋਨੇ ਅਤੇ ਬਾਸਮਤੀ ਦੀਆਂ ਪੀ.ਆਰ. 126 ਕਿਸਮ ਬੀਜਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਫਸਲਾਂ ਦੇ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ।
ਪੰਜਾਬ ’ਚ 30 ਲੱਖ ਹੈਕਟੇਅਰ ਤੋਂ ਵੱਧ ਰਕਬੇ ’ਚ ਝੋਨਾ ਉਗਾਇਆ ਜਾਂਦਾ ਹੈ। ਇਹ ਸਾਉਣੀ ਦੀ ਫ਼ਸਲ ਹੈ।