
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਵੇਰਕਾ ਅਧੀਨ ਆਉਂਦੇ ਪਿੰਡ ਮੂਧਲ ਤੋਂ ਬੀਤੇ ਦਿਨ ਭੇਦਭਰੇ ਹਾਲਾਤ ਵਿਚ ਲਾਪਤਾ ਹੋਈ 10 ਸਾਲ ਦੀ ਲੜਕੀ ਸੁਖਮਨਪ੍ਰੀਤ ਕੌਰ ਉਰਫ਼ ਗੁੱਡੀਆ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਉਸੇ ਦੇ ਘਰ ਨੇੜਿਓਂ ਹੀ ਲਾਸ਼ ਬਰਾਮਦ ਕੀਤੀ ਹੈ। ਪੁਲਿਸ ਵਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਬੱਚੀ ਦੇ ਪਿਤਾ ਨੇ ਦਸਿਆ ਕਿ ਉਹ ਤੇ ਉਸ ਦੀ ਪਤਨੀ ਦੋਵੇਂ ਜਣੇ ਬੀਤੇ ਦਿਨ ਆਪੋ-ਆਪਣੇ ਕੰਮਾਂ 'ਤੇ ਰੋਜ਼ਾਨਾ ਦੀ ਤਰ੍ਹਾਂ ਗਏ ਹੋਏ ਸਨ। ਘਰ ਵਿਚ ਦੋਵੇਂ ਭੈਣ-ਭਰਾ ਖੇਡ ਰਹੇ ਸਨ। ਸ਼ਾਮ ਨੂੰ ਅਚਾਨਕ ਬੱਚੀ ਸੁਖਮਨਪ੍ਰੀਤ ਘਰੋਂ ਬਾਹਰ ਚਲੀ ਗਈ ਤੇ ਵਾਪਸ ਨਹੀਂ ਆਈ, ਜਿਸ ਦਾ ਪਤਾ ਉਨ੍ਹਾਂ ਨੂੰ ਘਰ ਪਹੁੰਚ ਕੇ ਲੱਗਾ।
ਆਂਢ-ਗੁਆਂਢ ਦੀ ਭਾਲ ਕਰਨ ’ਤੇ ਜਦੋਂ ਕੋਈ ਪਤਾ ਨਾ ਲੱਗਾ ਤਾਂ ਉਨ੍ਹਾਂ ਵੇਰਕਾ ਥਾਣੇ ਵਿੱਚ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਦਿਤੀ। ਇਸ ਤੋਂ ਬਾਅਦ ਬੱਚੀ ਦੀ ਲਾਸ਼ ਘਰ ਤੋਂ ਕੁਝ ਦੂਰੀ ‘ਤੇ ਖਾਲੀ ਪਲਾਟ ‘ਚੋਂ ਬਰਾਮਦ ਹੋਈ ਹੈ। ਪੁਲਿਸ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।