
ਜੇ.ਸੀ.ਟੀ. ਦੀ ਜ਼ਮੀਨ ਦਾ ਮਾਮਲਾ
ਲੋਕਪਾਲ ਨੇ ਸ਼ੁਰੂ ਕੀਤੀ ਜਾਂਚ
ਚੰਡੀਗੜ੍ਹ, 13 ਅਗੱਸਤ (ਭੁੱਲਰ): ਲੋਕਪਾਲ ਪੰਜਾਬ ਨੇ ਮੋਹਾਲੀ ਦੀ ਦੀਵਾਲੀਆ ਹੋ ਚੁੱਕੀ ਜੇ ਸੀ ਟੀ ਇਲੈਕਟ੍ਰੋਨਿਕਸ ਕੰਪਨੀ ਦੀ ਬਹੁਮੁਲੀ ਜ਼ਮੀਨ ਸਸਤੇ ਮੁਲ ’ਤੇ ਵੇਚ ਦੇਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਸਬੰਧ ਵਿਚ ਲੋਕਪਾਲ ਰਿਟਾਇਰਡ ਜਸਟਿਸ ਵਿਨੋਦ ਕੁਮਾਰ ਨੇ ਉਦਯੋਗ ਵਿਭਾਗ ਦੇ ਮੰਤਰੀ ਸੁੰਦਰ ਸ਼ਿਆਮ ਅਰੋੜਾ ਸਮੇਤ ਪੀ.ਐਸ.ਆਈ. ਈ.ਸੀ. ਦੇ ਅਧਿਕਾਰੀਆਂ ਅਤੇ ਜ਼ਮੀਨ ਖ਼ਰੀਦਣ ਵਾਲੀ ਕੰਪਨੀ ਨੂੰ 12 ਅਕਤੂਬਰ ਲਈ ਨੋਟਿਸ ਜਾਰੀ ਕੀਤਾ ਹੈ।
ਇਸ ਸਬੰਧ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਬੀਰ ਦਵਿੰਦਰ ਸਿੰਘ ਨੇ ਵੀ ਪੂਰੇ ਦਸਤਾਵੇਜ਼ਾਂ ਸਮੇਤ ਲਿਖਤੀ ਸ਼ਿਕਾਇਤ ਖ਼ੁਦ ਲੋਕਪਾਲ ਨੂੰ ਮਿਲ ਕੇ ਕੀਤੀ ਸੀ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰਾਜਪਾਲ ਨੂੰ ਮਿਲ ਕੇ ਵੀ ਇਸ ਬਾਰੇ ਸ਼ਿਕਾਇਤ ਦਿਤੀ ਸੀ। ਕੀਤੀ ਗਈ ਸ਼ਿਕਾਇਤ ਮੁਤਾਬਕ 450 ਕਰੋੜ ਦੇ ਮੁਲ ਵਾਲੀ ਜ਼ਮੀਨ ਨੂੰ 90 ਕਰੋੜ ਵਿਚ ਵੇਚ ਦਿਤਾ ਗਿਆ। ਲੋਕਪਾਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਮੰਤਰੀ ਤੋਂ ਇਲਾਵਾ ਪੀ.ਐਸ.ਆਈ.ਸੀ. ਤੇ ਇਨਫ਼ੋਟੈਕ ਦੇ ਡਾਇਰੈਕਟਰਾਂ, ਐਮ.ਡੀ.ਅਤੇ ਜ਼ਮੀਨ ਖ਼ਰੀਦਣ ਵਾਲੀ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਹੈ।