
ਗੁਜਰਾਤ ਦੇ ਸਾਬਕਾ ਉਪ ਮੁੱਖ ਮੰਤਰੀ ਤਿਰੰਗਾ ਯਾਤਰਾ ਦੌਰਾਨ ਹੋਏ ਜ਼ਖ਼ਮੀ
ਮੇਹਸਾਣਾ, 13 ਅਗੱਸਤ : ਗੁਜਰਾਤ ਦੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਮੇਹਸਾਣਾ ਜ਼ਿਲ੍ਹੇ ਦੇ ਕੱਡੀ ਕਸਬੇ 'ਚ ਸਨਿਚਰਵਾਰ ਨੂੰ 'ਤਿਰੰਗਾ ਯਾਤਰਾ' ਦੌਰਾਨ ਇਕ ਗਾਂ ਦੇ ਹਮਲੇ 'ਚ ਜ਼ਖ਼ਮੀ ਹੋ ਗਏ | ਭਾਜਪਾ ਆਗੂ ਨੇ ਕਿਹਾ ਕਿ ਹਾਦਸੇ 'ਚ ਉਨ੍ਹਾਂ ਦੇ ਪੈਰ ਦੀ ਹੱਡੀ ਟੁੱਟ ਗਈ ਹੈ | ਪਟੇਲ ਸੂਬੇ ਦੀ ਵਿਜੇ ਰੁਪਾਣੀ ਸਰਕਾਰ 'ਚ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਰਹੇ ਹਨ | ਪਟੇਲ ਨੇ ਅਹਿਮਦਾਬਾਦ 'ਚ ਅਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਮੇਹਸਾਣਾ ਜ਼ਿਲ੍ਹੇ ਦੇ ਕੱਡੀ 'ਚ ਭਾਜਪਾ ਨੇ ਜਲੂਸ ਕਢਿਆ ਸੀ ਜਿਸ ਵਿਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਸਨ | ਪਟੇਲ ਨੇ ਕਿਹਾ, ''ਤਿਰੰਗ ਯਾਤਰਾ 'ਚ ਕਰੀਬ 2 ਹਜ਼ਾਰ ਲੋਕਾਂ ਨੇ ਹਿੱਸਾ ਲਿਆ | ਯਾਤਰਾ ਕਰੀਬ 70 ਫ਼ੀ ਸਦੀ ਪੂਰੀ ਹੋ ਗਈ ਸੀ ਅਤੇ ਸਬਜ਼ੀ ਬਾਜ਼ਾਰ ਪਹੁੰਚੀ ਸੀ ਕਿ ਉਤੋਂ ਹੀ ਅਚਾਨਕ ਇਕ ਗਾਂ ਤੇਜ਼ੀ ਨਾਲ ਆਈ |'' ਉਨ੍ਹਾਂ ਕਿਹਾ ਕਿ ਇਸ ਦੌਰਾਨ ਮਚੀ ਭਾਜੜ 'ਚ ਉਹ ਅਤੇ ਕੁੱਝ ਹੋਰ ਲੋਕ ਜ਼ਮੀਨ 'ਤੇ ਡਿੱਗ ਪਏ | ਜਿਸ ਕਾਰਨ ਉਨ੍ਹਾਂ ਨੂੰ ਸੱਟ ਆਈ ਹੈ | (ਏਜੰਸੀ)