
79ਵੇਂ ਆਜ਼ਾਦੀ ਦਿਵਸ 'ਤੇ 14 ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ, ਡੀਜੀਪੀ ਗੌਰਵ ਯਾਦਵ ਨੇ ਪੁਰਸਕਾਰ ਜੇਤੂਆਂ ਨੂੰ ਦਿੱਤੀ ਵਧਾਈ
Punjab News in Punjabi : ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 79ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਪੰਜਾਬ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐਮਡੀਐਸ) ਅਤੇ ਬੇਮਿਸਾਲ ਸੇਵਾ ਲਈ ਮੈਡਲ (ਐਮਐਮਐਸ) ਨਾਲ ਸਨਮਾਨਿਤ ਕੀਤਾ ਜਾਵੇਗਾ।
ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਆਈਪੀਐਸ ਅਧਿਕਾਰੀ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸਟੇਟ ਆਰਮਡ ਪੁਲਿਸ ਪੰਜਾਬ ਐਮ.ਐਫ. ਫਾਰੂਕੀ ਅਤੇ ਇੰਸਪੈਕਟਰ ਸੁਰੇਸ਼ ਕੁਮਾਰ, ਕਾਊਂਟਰ ਇੰਟੈਲੀਜੈਂਸ, ਲੁਧਿਆਣਾ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਇੱਕ ਆਈਪੀਐਸ ਅਧਿਕਾਰੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਇੰਟੈਲੀਜੈਂਸ-II ਗੁਰਦਿਆਲ ਸਿੰਘ ਅਤੇ ਇੱਕ ਪੀਪੀਐਸ-ਅਧਿਕਾਰੀ ਡੀਐਸਪੀ ਐਸਐਸਓਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਉਨ੍ਹਾਂ 14 ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਬੇਮਿਸਾਲ ਸੇਵਾ ਲਈ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਬਾਕੀ ਮੁਲਾਜ਼ਮਾਂ ਵਿੱਚ ਇੰਸਪੈਕਟਰ ਸਤਿੰਦਰ ਕੁਮਾਰ, ਇੰਸਪੈਕਟਰ ਦੀਪਕ ਕੁਮਾਰ, ਇੰਸਪੈਕਟਰ ਜਗਦੀਪ ਸਿੰਘ, ਇੰਸਪੈਕਟਰ ਤੇਜਿੰਦਰਪਾਲ ਸਿੰਘ, ਐਸਆਈ ਅਮਰੀਕ ਸਿੰਘ, ਐਸਆਈ ਸੰਜੀਵ ਕੁਮਾਰ, ਐਸਆਈ ਅੰਮ੍ਰਿਤਪਾਲ ਸਿੰਘ, ਐਸਆਈ ਅਨਿਲ ਕੁਮਾਰ, ਐਸਆਈ ਭੁਪਿੰਦਰ ਸਿੰਘ, ਏਐਸਆਈ ਜਸਵਿੰਦਰਜੀਤ ਸਿੰਘ, ਏਐਸਆਈ ਕੁਲਦੀਪ ਸਿੰਘ ਅਤੇ ਐਸਆਈ ਕ੍ਰਿਸ਼ਨ ਕੁਮਾਰ ਸ਼ਾਮਲ ਹਨ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਮੁੱਚੀ ਪੰਜਾਬ ਪੁਲਿਸ ਫੋਰਸ ਦਾ ਮਨੋਬਲ ਵਧਾਉਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਮਾਨਤਾ ਪੁਲਿਸ ਫੋਰਸ ਨੂੰ ਵਧੇਰੇ ਸਮਰਪਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜੋ ਕਿ ਵਧੇਰੇ ਸੁਰੱਖਿਆ ਚੁਣੌਤੀਆਂ ਵਾਲੇ ਸਰਹੱਦੀ ਰਾਜ ਵਿੱਚ ਬਹੁਤ ਮਹੱਤਵਪੂਰਨ ਹੈ।
(For more news apart from Independence Day, Ministry of Home Affairs announced names Punjab Police officers/employees for PMDS and MMS awards News in Punjabi, stay tuned to Rozana Spokesman)