
ਭੁਪਿੰਦਰ ਪਟੇਲ ਨੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੀ
2022 ਵਿਧਾਨ ਸਭਾ ਚੋਣਾਂ 'ਚ ਪਾਟੀਦਾਰ ਭਾਈਚਾਰੇ ਨੂੰ ਲੁਭਾਉਣ ਲਈ ਭਾਜਪਾ ਦੀ ਤਰਕੀਬ
ਅਹਿਮਦਾਬਾਦ, 13 ਸਤੰਬਰ : ਭਾਜਪਾ ਦੀ ਟਿਕਟ 'ਤੇ ਪਹਿਲੀ ਵਾਰ ਵਿਧਾਇਕ ਬਣੇ ਭੁਪੇਂਦਰ ਪਟੇਲ ਨੇ ਸੋਮਵਾਰ ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ | ਵਿਜੇ ਰੂਪਾਣੀ ਨੇ ਦੋ ਦਿਨ ਪਹਿਲਾਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ | ਸੂਬੇ ਵਿਚ ਕਰੀਬ ਸਵਾ ਸਾਲ ਬਾਅਦ ਵਿਧਾਨਸਭਾ ਚੋਣਾਂ ਹੋਣੀਆਂ ਹਨ | ਭੁਪਿੰਦਰ ਪਟੇਲ ਨੇ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕੀ ਹੈ | ਪਟੇਲ ਨੂੰ ਐਤਵਾਰ ਨੂੰ ਵਿਧਾਇਕ ਦਲ ਦੀ ਬੈਠਕ 'ਚ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ ਸੀ | ਪਟੇਲ ਦੇ ਸਹੁੰ ਚੁਕ ਸਮਾਗਮ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਿਰਕਤ ਕੀਤੀ |
ਭੁਪਿੰਦਰ ਪਟੇਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੀ ਘਾਟਲੋਡੀਆ ਸੀਟ ਤੋਂ ਪਹਿਲੀ ਵਾਰ ਚੋਣ ਲੜੇ ਸਨ ਅਤੇ ਜਿੱਤੇ ਸਨ | ਉਨ੍ਹਾਂ ਨੇ ਕਾਂਗਰਸ ਦੇ ਸ਼ਸ਼ੀਕਾਂਤ ਪਟੇਲ ਨੂੰ 1 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ, ਜੋ ਉਸ ਚੋਣਾਂ 'ਚ ਜਿੱਤ ਦਾ ਸਭ ਤੋਂ ਵੱਡਾ ਫ਼ਰਕ ਸੀ | ਸਿਵਲ ਇੰਜੀਨੀਅਰਿੰਗ 'ਚ ਡਿਪਲੋਮਾ ਧਾਰੀ ਅਤੇ ਅਪਣੇ ਹਮਾਇਤੀਆਂ ਵਿਚਾਲੇ 'ਦਾਦਾ' ਦੇ ਨਾਂ ਤੋਂ ਬੁਲਾਏ ਜਾਣ ਵਾਲੇ ਪਟੇਲ ਨੂੰ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਅਤੇ ਹੁਣ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦਾ ਕਰੀਬੀ ਮੰਨਿਆ ਜਾਂਦਾ ਹੈ | ਪਾਰਟੀ ਦੇ ਫ਼ੈਸਲੇ ਅਨੁਸਾਰ ਸਿਰਫ਼ ਪਟੇਲ ਨੇ ਹੀ ਸਹੁੰ ਚੁਕੀ ਹੈ | ਸੂਤਰਾਂ ਨੇ ਦਸਿਆ ਕਿ ਮੰਤਰੀਆਂ ਦੇ ਨਾਵਾਂ ਨੂੰ ਅੰਤਮ ਰੂਪ ਦਿਤੇ ਜਾਣ ਤੋਂ ਬਾਅਦ ਅਗਲੇ ਕੁੱਝ ਦਿਨਾਂ ਵਿਚ ਮੰਤਰੀ ਪ੍ਰੀਸ਼ਦ ਦੇ ਹੋਰ ਮੈਂਬਰ ਸਹੁੰ ਚੁੱਕਣਗੇ |
ਕੋਰੋਨਾ ਮਹਾਂਮਾਰੀ ਦੌਰਾਨ ਭਾਜਪਾ ਸ਼ਾਸਤ ਸੂਬਿਆਂ ਵਿਚ ਮੁੱਖ ਮੰਤਰੀ ਅਹੁਦਾ ਛੱਡਣ ਵਾਲੇ ਰੂਪਾਣੀ ਚੌਥੇ ਭਾਜਪਾ ਆਗੂ ਹਨ |
ਅਜਿਹੇ ਵਿਚ ਜਦੋਂ ਦਸੰਬਰ 2022 ਵਿਚ ਸੂਬਾ ਵਿਧਾਨਸਭਾ ਚੋਣਾਂ ਦੀ ਉਮੀਦ ਹੈ ਤਾਂ ਭਾਜਪਾ ਨੇ ਜਿੱਤ ਲਈ ਪਟੇਲ 'ਤੇ ਭਰੋਸਾ ਕੀਤਾ ਹੈ, ਜੋ ਇਕ ਪਾਟੀਦਾਰ ਹਨ | ਗੁਜਰਾਤ ਵਿਚ ਪਾਟੀਦਾਰ ਇਕ ਪ੍ਰਮੁਖ ਜਾਤੀ ਹੈ | ਉਸ ਦੀ ਚੋਣ ਵੋਟਾਂ ਦੇ ਵੱਡੇ ਹਿੱਸੇ 'ਤੇ ਕਾਬੂ ਹੋਣ ਦੇ ਨਾਲ ਹੀ ਸਿਖਿਆ ਅਤੇ ਸਹਕਾਰੀ ਖੇਤਰਾਂ ਵਿਚ ਮਜ਼ਬੂਤ ਪਕੜ ਹੈ | ਇਸ ਕਰ ਕੇ ਭਾਜਪਾ ਦੀ ਇਸ ਭਾਈਚਾਰੇ ਨੂੰ ਲੁਭਾਉਣ ਦੀ ਯੋਜਨਾ ਦਾ ਇਹ ਹਿੱਸਾ ਹੈ, ਜਿਸ ਬਾਰੇ ਕੁੱਝ ਸਿਆਸੀ ਮਾਹਰਾਂ ਨੂੰ ਲਗਦਾ ਹੈ ਕਿ ਉਹ ਭਾਜਪਾ ਤੋਂ ਦੂਰ ਹੋ ਗਏ ਹਨ | ਪਟੇਲ ਨੇ ਮੋਦੀ ਵਾਂਗੂ ਕਦੇ ਵੀ ਮੰਤਰੀ ਅਹੁਦਾ ਨਹੀਂ ਸੰਭਾਲਿਆ | ਭਾਜਪਾ ਵਲੋਂ ਮੁੱਖ ਮੰਤਰੀ ਦੀ ਚੋਣ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿਤਾ, ਕਿਉਂਕਿ ਪਹਿਲੀ ਵਾਰ ਵਿਧਾਇਕ ਬਣੇ ਪਟੇਲ ਸਿਖਰਲੇ ਅਹੁਦੇ ਦੀ ਦਾਅਵੇਦਾਰੀ ਵਿਚ ਨਹੀਂ ਸਨ | (ਪੀਟੀਆਈ)