
ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ
ਸੰਧੂ ਪ੍ਰਵਾਰ ਦੇ ਫ਼ਰਜ਼ੰਦ ਹਰਮੋਹਣ ਸਿੰਘ ਸੰਧੂ ਨੇ ਦਿਤਾ ਅਸਤੀਫ਼ਾ
ਸ੍ਰੀ ਚਮਕੌਰ ਸਾਹਿਬ, 13 ਸਤੰਬਰ (ਰਾਮ ਲਾਲ ਲੱਖਾ): ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਸਪਾ ਨਾਲ ਕੀਤੇ ਸਮਝੌਤੇ ਵਿਚ ਚਮਕੌਰ ਸਾਹਿਬ ਵਿਧਾਨ ਸਭਾ ਬਸਪਾ ਦੇ ਖਾਤੇ ਵਿਚ ਪਾਉਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਪੰਜ ਵਾਰੀ ਵਿਧਾਇਕਾ ਰਹੀ ਤੇ ਸਵ: ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇੇ ਸਪੁੱਤਰ ਹਲਕਾ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਹੈ |
ਜ਼ਿਕਰਯੋਗ ਹੈ ਕਿ ਸੰਧੂ ਦੇ ਪਿਤਾ ਸਵ: ਅਜਾਇਬ ਸਿੰਘ ਸੰਧੂ ਟਕਸਾਲੀ ਅਕਾਲੀ ਸਨ | ਫੇਸਬੁੱਕ ਰਾਹੀਂ ਦਿਤੇ ਅਸਤੀਫ਼ੇ ਵਿਚ ਸੰਧੂ ਨੇ ਲਿਖਿਆ ਹੈ ਕਿ ਉਨ੍ਹਾਂ 20 ਫ਼ਰਵਰੀ 2019 ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਵਾਇਆ ਸੀ | ਇਸ ਤੋਂ ਪਹਿਲਾ ਮੇਰੇ ਮਾਤਾ ਸਵ: ਬੀਬੀ ਸਤਵੰਤ ਕੌਰ ਸੰਧੂ, ਮੇਰੇ ਵੱਡੇ ਭਰਾ ਤੇ ਭਰਜਾਈ ਨੇ ਵੀ ਹਲਕਾ ਚਮਕੌਰ ਸਾਹਿਬ ਦੀ ਅਣਥੱਕ ਸੇਵਾ ਕੀਤੀ | ਸੰਨ 1962 ਤੋਂ ਸਾਡਾ ਪ੍ਰਵਾਰ ਅਕਾਲੀ ਦਲ ਤੇ ਹਲਕੇ ਦੀ ਸੇਵਾ ਕਰ ਰਿਹਾ ਹੈ, ਪਰ ਸਾਡੇ ਜ਼ਿਲ੍ਹੇ ਵਿਚ ਬਾਹਰੋਂ ਆ ਕੇ ਬਣੇ ਵਿਧਾਇਕ ਤੇ ਕੁੱਝ ਐਸਜੀਪੀਸੀ ਮੈਂਬਰ, ਜਿਨ੍ਹਾਂ ਨੇ ਪੰਥ ਦੇ ਉਲਟ ਵਿਰੋਧੀਆਂ ਨਾਲ ਮਿਲ ਕੇ ਸ਼ੂਗਰ ਮਿੱਲ, ਮਿਲਕਫ਼ੈੱਡ ਸੁਸਾਇਟੀ ਚੋਣਾਂ ਦੌਰਾਨ ਸਾਡੇ ਕਿਸਾਨ ਭਰਾਵਾਂ ਦੇ ਕਾਗ਼ਜ਼ ਰੱਦ ਕਰਵਾ ਕੇ ਕੇਸ ਵੀ ਦਰਜ ਕਰਵਾਏ ਹਨ | ਮੈਂ ਉਨ੍ਹਾਂ ਦੇ ਹੱਕ ਵਿਚ ਨਹੀਂ | ਉਨ੍ਹਾਂ ਅੱਗੇ ਲਿਖਿਆ ਹੈ ਕਿ 12 ਜੂਨ ਦੇ ਸਮਝੌਤੇ ਤੋਂ ਬਾਅਦ ਹਲਕੇ ਦੀ ਸੰਗਤ ਦੀ ਅਪੀਲ ਦੇ ਬਾਵਜੂਦ ਸਾਨੂੰ ਚੋਣ ਨਿਸ਼ਾਨ ਤੱਕੜੀ ਨਹੀਂ ਦਿਤਾ | ਇਸ ਲਈ ਉਹ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ |
ਡੱਬੀ
ਫੋਟੋ ਰੋਪੜ-13-17 ਤੋਂ ਪ੍ਰਾਪਤ ਕਰੋ ਜੀ |