
ਖ਼ੁਦ ਨੂੰ ਪੰਥਕ ਅਖਵਾਉਂਦੀਆਂ ਸਰਕਾਰਾਂ ਤੇ ਸ਼੍ਰੋਮਣੀ ਕਮੇਟੀ ਨੇ ਗਿਆਨੀ ਦਿੱਤ ਸਿੰਘ ਦੀ ਘਾਲਣਾ ਪ੍ਰਤੀ ਕਦੇ ਗੰਭੀਰਤਾ ਨਹੀਂ ਵਿਖਾਈ: ਜਸਟਿਸ
ਫ਼ਤਿਹਗੜ੍ਹ ਸਾਹਿਬ, 13 ਸਤੰਬਰ (ਗੁਰਬਚਨ ਸਿੰਘ ਰੁਪਾਲ) : ਸ੍ਰੀ ਗੁਰੂ ਸਿੰਘ ਸਭਾ ਲਹਿਰ ਦੇ ਮੋਢੀ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਗਿਆਨੀ ਦਿੱਤ ਸਿੰਘ ਦੀ 120ਵੀਂ ਸਾਲਾਨਾ ਬਰਸੀ ਇਥੇ ਰੇਲਵੇ ਫ਼ਾਟਕ ਦੇ ਨੇੜੇ ਖ਼ਾਲਸਾ ਬੁੰਗਾ ਵਿਖੇ , ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਪੰਜਾਬ ਵਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮਗਰੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿ. ਜੋਤੀ ਸਰੂਪ ਵਾਲੇ ਬਾਬਾ ਬਲਵਿੰਦਰ ਸਿੰਘ ਦੇ ਜਥੇ ਵਲੋਂ ਕੀਰਤਨ ਅਤੇ ਢਾਡੀ ਜਸਪਾਲ ਸਿੰਘ ਤਾਨ ਦੇ ਜਥੇ ਵਲੋਂ ਗਿਆਨੀ ਜੀ ਦੇ ਜੀਵਨ ਤੇ ਰੋਸ਼ਨੀ ਪਾਈ ਗਈ। ਸਮਾਗਮ ਦੌਰਾਨ ਮੈਡੀਕਲ ਅਤੇ ਦਸਤਾਰ ਸਿਖਲਾਈ ਕੈਂਪ ਲਗਾਏ ਗਏ।
ਸਮਾਗਮ ਵਿਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ, ਅਕਾਲੀ ਦਲ ਸੰਯੁਕਤ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ, ਦਲਿਤ ਦਲ ਦੇ ਸੂਬਾ ਪ੍ਰਧਾਨ ਹਾਰਵੇਲ ਸਿੰਘ ਮਾਧੋਪੁਰ, ਬਾਦਲ ਦਲ-ਬਸਪਾ ਚੋਣ ਗਠਜੋੜ ਦੇ ਉਮੀਦਵਾਰ ਐਡਵੋਕੇਟ ਸ਼ਿਵ ਕੁਮਾਰ ਕਲਿਆਣ, ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਅਤੇ ਦਰਬਾਰਾ ਸਿੰਘ ਆਈ ਏ ਐੱਸ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਹਾਜ਼ਰੀ ਲਗਵਾਈ ਤੇ ਸੰਗਤਾਂ ਨੂੰ ਸੰਬੋਧਨ ਵੀ ਕੀਤਾ। ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਖ਼ੁਦ ਨੂੰ ਪੰਥਕ ਅਖਵਾਉਣ ਵਾਲੀਆਂ ਸਰਕਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਜੀ ਦੀਆਂ ਪੰਥਕ ਘਾਲਣਾਵਾਂ ਪ੍ਰਤੀ ਗੰਭੀਰਤਾ ਨਹੀਂ ਵਿਖਾਈ ਅਤੇ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਉਨ੍ਹਾਂ ਦੇ ਨਾਮ ਤੇ ਕਿਸੇ ਵਿਦਿਅਕ ਅਦਾਰੇ, ਸਰਕਾਰੀ ਹਸਪਤਾਲ ਦਾ ਨਾਮ ਹੀ ਰਖਿਆ ਤੇ ਨਾ ਕੋਈ ਸ਼ਾਨਦਾਰ ਯਾਦਗਾਰ ਬਣਾਈ। ਸਮਾਗਮ ਵਿਚ ਮਲਕੀਅਤ ਸਿੰਘ ਰਾਇਲੋਂ, ਰਾਜਿੰਦਰ ਸਿੰਘ, ਗੁਰਬਖਸ਼ ਸਿੰਘ ਗੋਬਿੰਦਗੜ੍ਹ, ਸਵਰਨ ਸਿੰਘ ਮੁਸਤਫ਼ਾਬਾਦ, ਲਾਲ ਮਿਸਤਰੀ, ਰਣਧੀਰ ਸਿੰਘ ਤਾਨ, ਅਵਤਾਰ ਸਿੰਘ ਲਟੌਰ, ਜੋਗਿੰਦਰ ਸਿੰਘ ਪਟਿਆਲਾ, ਹਰਪਾਲ ਸਿੰਘ ਚਾਹਲ, ਗੁਰਮੇਲ ਕੌਰ, ਧਰਮਿੰਦਰ ਸਿੰਘ ਲਾਂਬਾ, ਇੰਦਰਜੀਤ ਸਿੰਘ ਰਾਇਕੋਟ ਆਦਿ ਮੌਜੂਦ ਸਨ।