
ਗ੍ਰਿਫ਼ਤਾਰ ਮੁਲਜ਼ਮ ਬਿਜਲੀ ਵਿਭਾਗ ਵਿਚ ਹੈ ਲਾਈਨਮੈਨ
ਜਲਾਲਾਬਾਦ: ਕਾਠਗੜ੍ਹ ਅਧੀਨ ਪੈਂਦੇ ਪਿੰਡ ਢਾਣੀਂ ਪੀਰਾ ਵਾਲੀ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਵੱਲੋਂ ਆਪਣੀ 80 ਸਾਲਾ ਬਜ਼ੁਰਗ ਮਾਂ ਨੂੰ ਬੇਘਰ ਕਰਨ ਦੇ ਦੋਸ਼ ਹੇਠ ਅਦਾਲਤ ਨੇ ਭਗੌੜੇ ਮੁਲਜ਼ਮਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ। ਇਸ 'ਤੇ ਥਾਣਾ ਸਦਰ ਦੀ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ, ਜਦਕਿ ਦੂਜਾ ਫਰਾਰ ਹੈ। ਕੌਂਸਲਰ ਸੁਰਜੀਤ ਸਿੰਘ ਰਾਏ ਵਾਸੀ ਲੁਧਿਆਣਾ ਨੇ ਦੱਸਿਆ ਕਿ ਮਾਤਾ ਸੁਮਿੱਤਰਾ ਬਾਈ ਪਤਨੀ ਸਵ. ਸੋਨਾ ਸਿੰਘ ਦੇ ਪੁੱਤਰ ਗੁਰਦਿਆਲ ਸਿੰਘ ਅਤੇ ਜਰਨੈਲ ਸਿੰਘ ਨੇ ਪਿਤਾ ਦੀ ਮੌਤ ਤੋਂ ਬਾਅਦ ਮਾਂ ਨੂੰ ਸੰਭਾਲਣ ਤੋਂ ਅਸਮਰੱਥਾ ਜ਼ਾਹਰ ਕਰਦਿਆਂ ਘਰੋਂ ਕੱਢ ਦਿੱਤਾ ਗਿਆ।
ਕੌਂਸਲਰ ਰਾਏ ਨੇ ਦੱਸਿਆ ਕਿ ਉਹਨਾਂ ਨੇ ਘਰੋਂ ਬੇਘਰ ਹੋਈ ਬਜ਼ੁਰਗ ਔਰਤ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰਕ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ। ਕਰੀਬ ਢਾਈ ਸਾਲ ਤੱਕ ਚੱਲੀ ਅਦਾਲਤੀ ਲੜਾਈ ਦੌਰਾਨ ਅਦਾਲਤ ਨੇ ਦੋਵਾਂ ਪੁੱਤਰਾਂ ਨੂੰ ਉਹਨਾਂ ਦੀ ਮਾਂ ਸੁਮਿੱਤਰਾ ਬਾਈ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦੇ ਨਿਰਦੇਸ਼ ਜਾਰੀ ਕੀਤੇ।
ਸੁਮਿੱਤਰਾ ਬਾਈ ਦੇ ਦੋਵੇਂ ਪੁੱਤਰਾਂ ਦੇ ਲਗਾਤਾਰ ਅਦਾਲਤ 'ਚੋਂ ਗੈਰ-ਹਾਜ਼ਰ ਰਹਿਣ ਅਤੇ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਅਦਾਲਤ ਨੇ ਉਹਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਇਸ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਗੁਰਦਿਆਲ ਸਿੰਘ (ਬਿਜਲੀ ਬੋਰਡ ਵਿਚ ਲਾਈਨਮੈਨ) ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੂਜਾ ਮੁਲਜ਼ਮ ਜਰਨੈਲ ਸਿੰਘ ਭੱਜਣ ਵਿਚ ਕਾਮਯਾਬ ਹੋ ਗਿਆ।
ਜਾਂਚ ਅਧਿਕਾਰੀ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕੇਸ 3 ਸਾਲਾਂ ਤੋਂ ਚੱਲ ਰਿਹਾ ਸੀ। ਮੁਲਜ਼ਮਾਂ ਨੇ ਨਾ ਤਾਂ ਅਦਾਲਤ ਵਿਚ ਖਰਚਾ ਜਮ੍ਹਾਂ ਕਰਵਾਇਆ ਅਤੇ ਨਾ ਹੀ ਉਹ ਅਦਾਲਤ ਵਿਚ ਪੇਸ਼ ਹੋਏ। ਇਸ ਤੋਂ ਬਾਅਦ ਜੱਜ ਨੇ ਮੁਲਜ਼ਮਾਂ ਨੂੰ ਲਿਆਉਣ ਦੇ ਹੁਕਮ ਜਾਰੀ ਕੀਤੇ ਸਨ। ਮੁਲਜ਼ਮਾਂ ਨੇ ਖਰਚਾ ਜਮ੍ਹਾ ਨਹੀਂ ਕਰਵਾਇਆ, ਜੋ ਵਧ ਕੇ 3 ਲੱਖ ਹੋ ਗਿਆ ਸੀ।