
ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਪਛਾਣ ਲਈ 72 ਘੰਟੇ ਲਈ ਰਖਵਾ ਦਿੱਤੀ ਗਈ ਹੈ।
ਲੁਧਿਆਣਾ: ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ’ਚ ਸਤਲੁਜ ਦਰਿਆ ’ਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਸੂਚਨਾ ਮਿਲਦੇ ਹੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਮੌਕੇ ’ਤੇ ਪੁੱਜੇ ਥਾਣੇਦਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਪੁਲਿਸ ਨੂੰ ਪਿੰਡ ਤਲਵੰਡੀ ਕਲਾਂ ਦੇ ਰਹਿਣ ਵਾਲੇ ਕਿਸੇ ਵਿਅਕਤੀ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਸਤਲੁਜ ਦਰਿਆ ’ਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ ਅਤੇ ਕੰਢੇ ’ਤੇ ਇਕ ਮੋਟਰਸਾਈਕਲ ਖੜ੍ਹਾ ਹੋਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 35 ਸਾਲ ਦੇ ਆਸ-ਪਾਸ ਲੱਗ ਰਹੀ ਹੈ ਅਤੇ ਕੋਲ ਹੀ ਕਾਲੇ ਰੰਗ ਦਾ ਮੋਟਰਸਾਈਕਲ ਵੀ ਖੜ੍ਹਾ ਬਰਾਮਦ ਹੋਇਆ ਹੈ। ਹਾਲ ਦੀ ਘੜੀ ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਪਛਾਣ ਲਈ 72 ਘੰਟੇ ਲਈ ਰਖਵਾ ਦਿੱਤੀ ਹੈ ਅਤੇ ਅਗਲੀ ਕਾਰਵਾਈ ਪੋਸਟਮਾਰਟਮ ਤੋਂ ਬਾਅਦ ਕੀਤੀ ਜਾਵੇਗੀ।