
ਪਿਤਾ ਨੇ ਆਪਣੇ ਢਾਈ ਸਾਲ ਦੇ ਮਾਸੂਮ ਪੁੱਤਰ ਨੂੰ ਨਹਿਰ ’ਚ ਸੁੱਟ ਕੇ ਉਤਾਰਿਆ ਮੌਤ ਦੇ ਘਾਟ
ਸਾਹਨੇਵਾਲ: ਥਾਣਾ ਕੂੰਮਕਲਾਂ ਤੋਂ ਇੱਕ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਲਯੁਗੀ ਪਿਓ ਨੇ ਆਪਣੇ ਹੀ ਢਾਈ ਸਾਲ ਦੇ ਮਾਸੂਮ ਪੁੱਤਰ ਨੂੰ ਨਹਿਰ ’ਚ ਸੁੱਟ ਦਿੱਤਾ। ਪੁਲਿਸ ਨੇ ਪਹਿਲਾਂ ਇਸ ਮਾਮਲੇ ’ਚ ਪਿਓ-ਪੁੱਤ ਦੇ ਇਕੱਠੇ ਲਾਪਤਾ ਹੋਣ ਸਬੰਧੀ ਪਤਨੀ ਦੇ ਬਿਆਨਾਂ ’ਤੇ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਫਿਰ ਬਾਅਦ ’ਚ ਸ਼ਿਕਾਇਤਕਰਤਾ ਪਤਨੀ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਉਸ ਨੂੰ ਉਸ ਦੇ ਪਤੀ ’ਤੇ ਮਾਸੂਮ ਬੱਚੇ ਨੂੰ ਅਗਵਾ ਕਰ ਕੇ ਨੁਕਸਾਨ ਪਹੁੰਚਾਉਣ ਦਾ ਸ਼ੱਕ ਹੋ ਰਿਹਾ ਹੈ। ਇਸ ਤੋਂ ਬਾਅਦ ਥਾਣਾ ਪੁਲਿਸ ਨੇ ਹਰਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਮਨਸੂਰਵਾਲ ਬੇਟ ਦੇ ਬਿਆਨਾਂ ’ਤੇ ਭੁਪਿੰਦਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਜਦੋਂ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਵੱਲੋਂ ਕੀਤੇ ਗਏ ਖ਼ੁਲਾਸਿਆਂ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ। ਥਾਣਾ ਮੁਖੀ ਕੁਲਬੀਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਆਪਣੇ ਢਾਈ ਸਾਲਾ ਪੁੱਤ ਗੁਰਕੀਰਤ ਸਿੰਘ ਗੈਰੀ ਨਾਲ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਬੱਚੇ ਨੂੰ ਘੁੰਮਾ ਕੇ ਲਿਆਉਂਦਾ ਹੈ ਪਰ ਫਿਰ ਦੋਵੇਂ ਘਰ ਨਹੀਂ ਪਰਤੇ। ਭੁਪਿੰਦਰ ਦੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਦੋਵਾਂ ਦੇ ਅਗਵਾ ਦਾ ਕੇਸ ਦਰਜ ਕਰ ਕੇ ਜਾਂਚ ਨੂੰ ਅੱਗੇ ਵਧਾਇਆ। ਫਿਰ ਹਰਜੀਤ ਕੌਰ ਨੇ ਆਪਣੇ ਹੀ ਪਤੀ ’ਤੇ ਸ਼ੱਕ ਜ਼ਾਹਰ ਕੀਤਾ ਤਾਂ ਪੁਲਿਸ ਨੇ ਇਸ ਐਂਗਲ ਤੋਂ ਵੀ ਕਾਰਵਾਈ ਨੂੰ ਅੱਗੇ ਵਧਾਇਆ ਤਾਂ ਭੁਪਿੰਦਰ ਸਿੰਘ ਪੁਲਿਸ ਦੇ ਅੜਿੱਕੇ ਆ ਗਿਆ। ਜਦੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਰੌਂਗਟੇ ਖੜ੍ਹੇ ਕਰਨ ਵਾਲਾ ਖ਼ੁਲਾਸਾ ਕੀਤਾ।
ਥਾਣਾ ਮੁਖੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਨੇ ਪੁਲਿਸ ਅੱਗੇ ਮੰਨਿਆ ਕਿ ਉਸ ਦਾ ਹਰਜੀਤ ਕੌਰ ਨਾਲ ਪ੍ਰੇਮ ਵਿਆਹ ਕਰੀਬ 5 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਹ ਹਰਜੀਤ ਦੀ ਭੂਆ ਕੋਲ ਸ੍ਰੀ ਭੈਣੀ ਸਾਹਿਬ ਆ ਕੇ ਰਹਿਣ ਲੱਗੇ। ਹਰਜੀਤ ਪੜ੍ਹੀ-ਲਿਖੀ ਸੀ ਅਤੇ ਆਪਣਾ ਬੂਟੀਕ ਚਲਾਉਂਦੀ ਸੀ, ਜਦਕਿ ਉਹ ਖ਼ੁਦ ਸਿਰਫ 8 ਜਮਾਤਾਂ ਪਾਸ ਸੀ ਅਤੇ ਕੋਈ ਕੰਮ-ਕਾਰ ਨਹੀਂ ਸੀ ਕਰਦਾ, ਜਿਸ ਕਾਰਨ ਦੋਵੇਂ ਪਤੀ-ਪਤਨੀ ਵਿਚਕਾਰ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ। ਹਰਜੀਤ ਦੇ ਰਿਸ਼ਤੇਦਾਰ ਵੀ ਉਸ ਨੂੰ ਗਾਹੇ-ਬਗਾਹੇ ਜ਼ਲੀਲ ਕਰਦੇ ਸਨ, ਜਿਸ ਤੋਂ ਚਿੜ ਕੇ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਨਹਿਰ ’ਚ ਛਾਲ ਮਾਰਨ ਲਈ ਗਿਆ ਸੀ ਪਰ ਕਈ ਘੰਟੇ ਸ਼ਰਾਬ ਪੀਣ ਤੋਂ ਬਾਅਦ ਜਦੋਂ ਉਹ ਆਪਣੇ ਪੁੱਤ ਗੁਰਕੀਰਤ ਗੈਰੀ ਨੂੰ ਨਾਲ ਲੈ ਕੇ ਗੁਰਥਲੀ ਦੇ ਪੁਲ ’ਤੇ ਪਹੁੰਚਿਆ ਤਾਂ ਉਸ ਨੇ ਆਪਣੇ ਬੇਟੇ ਨੂੰ ਤਾਂ ਨਹਿਰ ’ਚ ਸੁੱਟ ਦਿੱਤਾ ਪਰ ਫਿਰ ਉਸ ਦਾ ਆਪਣਾ ਹੌਂਸਲਾ ਨਹਿਰ ’ਚ ਛਾਲ ਮਾਰਨ ਦਾ ਨਹੀਂ ਪਿਆ ਅਤੇ ਉੱਥੋਂ ਵਾਪਸ ਆ ਕੇ ਲੁੱਕ-ਛਿਪ ਕੇ ਰਹਿਣ ਲੱਗਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਪਿਤਾ ਭੁਪਿੰਦਰ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।