
ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਦੋ ਦਿਨ ਦਾ ਲਿਆ ਪੁਲਿਸ ਰਿਮਾਂਡ
ਜ਼ੀਰਕਪੁਰ: ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 32220 ਨਸ਼ੀਲੀਆਂ ਗੋਲੀਆਂ ਸਮੇਤ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਹ ਕਾਰਵਾਈ ਖਾਸ ਤੌਰ 'ਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋਵਾਂ ਨੌਜਵਾਨਾਂ ਖ਼ਿਲਾਫ਼ ਐਨਡੀਪੀਐਸ ਐਕਟ 18, 61-85 ਅਤੇ 22-61-85 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਡੇਰਾਬਸੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ। ਫੜੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਦੋਵੇਂ ਵਾਸੀ ਢਕੋਰਾ ਥਾਣਾ ਬਲਾਕ ਮਾਜਰੀ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ।
ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਬਲਟਾਣਾ ਚੌਕੀ ਦੇ ਇੰਚਾਰਜ ਐਸ.ਆਈ ਮਨਦੀਪ ਸਿੰਘ ਨੇ ਦੱਸਿਆ ਕਿ ਐਸਐਸਪੀ ਮੁਹਾਲੀ ਦੇ ਹੁਕਮਾਂ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਉਹ ਪੁਲਿਸ ਪਾਰਟੀ ਸਮੇਤ ਗਾਜ਼ੀਪੁਰ ਖੇਤਰ ਵਿੱਚ ਸਥਿਤ ਸੁਖਨਾ ਨਦੀ ’ਤੇ ਮੌਜੂਦ ਸਨ। ਜਿਸ ਦੌਰਾਨ ਮੋਢੇ 'ਤੇ ਬੈਗ ਲੈ ਕੇ ਪੈਦਲ ਜਾ ਰਹੇ ਨੌਜਵਾਨ ਪੁਲਿਸ ਨੂੰ ਦੇਖ ਕੇ ਵਾਪਸ ਜਾਣ ਲੱਗੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਅਤੇ ਚੈਕਿੰਗ ਕਰਨ 'ਤੇ ਉਨ੍ਹਾਂ ਦੇ ਬੈਗ 'ਚੋਂ ਲਿਮੋਟਾਈਨ ਅਤੇ ਐਲਪਰਿਸਟ ਨਾਮ ਦੀਆਂ 32220 ਗੋਲੀਆਂ ਬਰਾਮਦ ਹੋਈਆਂ। ਉਹਨਾਂ ਕੋਲ ਕਿਸੇ ਕਿਸਮ ਦਾ ਕੋਈ ਲਾਇਸੈਂਸ ਵੀ ਨਹੀਂ ਸੀ।
ਜਿਸ ਕਾਰਨ ਉਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹ ਨਸ਼ੇ ਦੀ ਖੇਪ ਕਿੱਥੋਂ ਲੈ ਕੇ ਆਏ ਹਨ ਅਤੇ ਕਿੱਥੋਂ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਨਸ਼ਾ ਤਸਕਰਾਂ ਖਿਲਾਫ ਪਹਿਲਾਂ ਵੀ ਨਸ਼ਾ ਸਪਲਾਈ ਕਰਨ ਦੇ ਦੋ-ਦੋ ਕੇਸ ਦਰਜ ਹਨ।