
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ 14 ਮਹੀਨਿਆਂ ਮਗਰੋਂ ਰਿਹਾਅ
ਸ੍ਰੀਨਗਰ, 13 ਅਕਤੂਬਰ : ਅੱਜ ਪੀਡੀਪੀ (ਪੀਪਲਜ਼ ਡੈਮੋਕ੍ਰੇਟਿਕ ਪਾਰਟੀ) ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਮੰਗਲਵਾਰ ਨੂੰ ਨਜ਼ਰਬੰਦੀ ਤੋਂ ਰਿਹਾਅ ਕਰ ਦਿਤਾ ਗਿਆ। ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਬੁਲਾਰੇ ਰੋਹਿਤ ਕੰਸ਼ਲ ਨੇ ਇਸ ਗੱਲ ਦੀ ਜਾਣਕਾਰੀ ਦਿਤੀ। ਮਹਿਬੂਬਾ ਨੂੰ ਪਿਛਲੇ ਸਾਲ 4 ਅਗੱਸਤ ਨੂੰ ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ ਸੀ। ਮਹਿਬੂਬਾ ਇਕ ਸਾਲ, ਦੋ ਮਹੀਨੇ ਅਤੇ 9 ਦਿਨ ਬਾਅਦ ਹਿਰਾਸਤ ਤੋਂ ਰਿਹਾਅ ਹੋਈ ਹੈ ਯਾਨੀ ਕੁਲ 436 ਦਿਨਾਂ ਬਾਅਦ। 6 ਫ਼ਰਵਰੀ ਨੂੰ ਮਹਿਬੂਬਾ ਦੀ ਹਿਰਾਸਤ ਦਾ ਸਮਾਂ ਖ਼ਤਮ ਹੋਣ ਤੋਂ ਪਹਿਲਾਂ ਹੀ ਉੁਨ੍ਹਾਂ ਵਿਰੁਧ ਪਬਲਿਕ ਸਕਿਉਰਿਟੀ ਐਕਟ ਤਹਿਤ ਮਾਮਲਾ ਦਰਜ ਕਰ ਦਿਤਾ ਗਿਆ। (ਪੀ.ਟੀ.ਆਈ)