
ਪੰਜਾਬੀ ਸੱਥ ਐਸੋਸੀਏਸ਼ਨ ਪਰਥ ਨੇ 'ਪੰਜਾਬੀ ਇਮਤਿਹਾਨ-2020' ਕਰਵਾਇਆ
ਪਰਥ, 13 ਅਕਤੂਬਰ (ਪਿਆਰਾ ਸਿੰਘ ਨਾਭਾ) : ਬੀਤੇ ਦਿਨੀਂ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵਲੋਂ ਸਾਲਾਨਾ ਪ੍ਰੋਗਰਾਮ 'ਪੰਜਾਬੀ ਇਮਤਿਹਾਨ-2020' ਵਿਦੇਸ਼ਾਂ ਵਿਚ ਵਸਦੇ ਪੰਜਾਬੀ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਉਤਸ਼ਾਹਤ ਕਰਨ ਵਾਸਤੇ ਕਰਵਾਇਆ ਗਿਆ। ਪੰਜਾਬੀ ਇਮਤਿਹਾਨ ਦੌਰਾਨ ਬੱਚਿਆਂ ਵਲੋਂ ਪੰਜਾਬੀ ਲਿਖਣ, ਪੜ੍ਹਨ ਅਤੇ ਬੋਲਣ ਦੀ ਮੁਹਾਰਤ ਦਿਖਾਈ ਗਈ। ਇਮਤਿਹਾਨ ਨੂੰ ਤਿੰਨ ਭਾਗਾਂ ਅੱਖਰ ਗਿਆਨ, ਸ਼ਬਦ ਜੋੜ ਅਤੇ ਵਾਕ ਜੋੜ ਵਿਚ ਵੰਡਿਆ ਗਿਆ ਸੀ। ਅੱਖਰ ਗਿਆਨ (ਗਰੁੱਪ ਪਹਿਲਾ) ਵਿਚੋਂ ਗੁਰਮਨ ਸਿੰਘ ਨੇ ਪਹਿਲਾ, ਗੁਰਨੀਤ ਕੌਰ ਨੇ ਦੂਜਾ ਅਤੇ ਨਿਮਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੱਖਰ ਗਿਆਨ ਦੇ (ਗਰੁੱਪ ਦੂਜਾ) ਵਿਚੋਂ ਅਰਮਾਨਬੀਰ ਔਲਖ ਪਹਿਲੇ ਅਤੇ ਮਹਿਤਾਬ ਸਿੰਘ ਦੂਸਰੇ ਸਥਾਨ 'ਤੇ ਆਇਆ। ਸ਼ਬਦ ਜੋੜ ਵਿਚੋਂ ਗੁਰਸਿਮਰ ਕੌਰ, ਪਵਲੀਨਕੌਰ ਅਤੇ ਔਜਸ ਸ਼ਰਮਾ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਆਏ। ਵਾਕ ਜੋੜ ਵਿਚੋਂ ਸਰਗੁਣ ਕੌਰ ਪਹਿਲੇ ਸਥਾਨ ਅਤੇ ਜਪਜੀ ਕੌਰ ਦੂਜੇ ਅਤੇ ਅਰਨਵ ਬਰਾੜ ਤੀਸਰੇ ਸਥਾਨ ਰਹੇ।
ਇਮਤਿਹਾਨ ਤੋਂ ਬਾਅਦ ਬੱਚਿਆਂ ਦੀਆਂ ਰਵਾਇਤੀ ਖੇਡਾਂ ਕਰਵਾਈਆਂ ਗਈਆਂ। ਇਸ ਉਪਰੰਤ ਬੱਚਿਆਂ ਵਲੋਂ ਸਟੇਜ 'ਤੇ ਮੂਲ ਮੰਤਰ, ਸ਼ਬਦ ਉਚਾਰਨ, ਕਵਿਤਾ, ਬਾਲ-ਗੀਤਾਂ ਦਾ ਠੇਠ ਪੰਜਾਬੀ ਵਿਚ ਉਚਾਰਨ ਕੀਤਾ ਗਿਆ।
ਇਮਤਿਹਾਨ ਵਿਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸੱਥ ਵਲੋਂ ਮੈਡਲ, ਗੁਰਮੁਖੀ ਲਿੱਪੀ ਦੀ ਫੱਟੀ, ਸਰਟੀਫ਼ਿਕੇਟ ਅਤੇ ਬਾਲ ਗੀਤਾਂ ਦੀਆਂ ਪੁਸਤਕਾਂ ਵੀ ਦਿਤੀਆਂ ਗਈਆਂ।
ਅਖੀਰ ਵਿਚ ਸੱਥ ਦੀ ਸਰਪ੍ਰਸਤ ਬੀਬੀ ਸੁਖਵੰਤ ਕੌਰ ਪੰਨੂੰ ਅਤੇ ਮੈਂਬਰ ਜਤਿੰਦਰ ਸਿੰਘ ਭੰਗੂ, ਹਰਮਨ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਗੁਰਬਿੰਦਰ ਸਿੰਘ ਕਲੇਰ, ਰਵਿੰਦਰ ਸਿੰਘ ਬਰਾੜ ਅਤੇ ਇੰਦਰਪਾਲ ਸਿੰਘ ਵਲੋਂ ਆਏ ਹੋਏ ਸਾਰੇ ਸਰੋਤਿਆਂ ਦਾ ਧਨਵਾਦ ਕੀਤਾ ਗਿਆ।