
ਚੀਨ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਅਰੁਣਾਚਲ ਪ੍ਰਦੇਸ਼ ਦੌਰੇ ’ਤੇ ਪ੍ਰਗਟਾਇਆ ਇਤਰਾਜ਼
ਬੀਜਿੰਗ, 13 ਅਕਤੂਬਰ : ਚੀਨ ਨੇ ਉਪਰਾਸ਼ਰਪਤੀ ਐਮ. ਵੈਂਕਈਆ ਨਾਇਡੂ ਦੇ ਅਰੁਣਾਚਲ ਪ੍ਰਦੇਸ਼ ਦੇ ਹਾਲ ਹੀ ਵਿਚ ਕੀਤੇ ਦੌਰੇ ’ਤੇ ਬੁਧਵਾਰ ਨੂੰ ਇਤਰਾਜ਼ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇਸ ਦੌਰੇ ਦੇ ਪੂਰੀ ਤਰ੍ਹਾਂ ਵਿਰੁਧ ਹਨ ਕਿਉਂਕਿ ਉਸ ਨੇ ਕਦੇ ਵੀ ਸੂਬੇ ਨੂੰ ਮਾਨਤਾ ਨਹੀਂ ਦਿਤੀ ਹੈ। ਨਾਇਡੂ ਨੇ 9 ਅਕਤੂਬਰ ਨੂੰ ਅਰੂਣਾਚਲ ਪ੍ਰਦੇਸ਼ ਦਾ ਦੌਰਾ ਕੀਤਾ ਸੀ ਅਤੇ ਰਾਜ ਵਧਾਨ ਸਭਾ ਦੇ ਇਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਤ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਤਰ ਪੂਰਬ ’ਚ ਸਪੱਸ਼ਟ ਤਬਦੀਲੀ ਖੇਤਰ ’ਚ ਵਿਕਾਸ ਦੇ ਪੁਨਰ ਸੁਰਜੀਤ ਹੋਣ ਦਾ ਸਪੱਸ਼ਟ ਸਬੂਤ ਹੈ ਜਿਸ ਦੀ ਦਹਾਕਿਆਂ ਤਕ ਅਣਦੇਖੀ ਕੀਤੀ ਜਾਂਦੀ ਰਹੀ ਹੈ।
ਚੀਨ ਅਪਣੀ ਸਥਿਤੀ ਦਿਖਾਉਣ ਲਈ ਭਾਰਤੀ ਆਗੂਆਂ ਦੇ ਅਰੁਣਾਚਲ ਪ੍ਰਦੇਸ਼ ਦੌਰੇ ’ਤੇ ਨਿਯਮਤ ਤੌਰ ’ਤੇ ਇਤਰਾਜ਼ ਪ੍ਰਗਟ ਕਰਦਾ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਅਰੂਣਾਚਲ ਪ੍ਰਦੇਸ਼ ਭਾਰਤ ਦਾ ਅਨਿਖੱੜਵਾਂ ਹਿੱਸਾ ਹੈ ਅਤੇ ਭਾਰਤੀ ਆਗੂ ਇਸ ਸੂਬੇ ਦਾ ਸਮੇਂ ਸਮੇਂ ’ਤੇ ਉਸੇ ਤਰ੍ਹਾਂ ਦੌਰਾ ਕਰਦੇ ਹਨ ਜਿਵੇਂ ਉਹ ਦੇਸ਼ ਦੇ ਹੋਰ ਹਿੱਸਿਆਂ ਦਾ ਦੌਰਾ ਕਰਦੇ ਹਨ।
ਨਾਇਡੂ ਦੇ ਦੌਰੇ ਬਾਰੇ ਪੁਛੇ ਗਏ ਸਵਾਲ ਦੇ ਜਵਾਬ ’ਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਉ ਲਿਜਾਨ ਨੇ ਕਿਹਾ ਕਿ ਚੀਨ ਨੇ ਸੂਬੇ ਨੂੰ ਕਦੇ ਮਾਨਤਾ ਨਹੀਂ ਦਿਤੀ ਹੈ।
ਉਨ੍ਹਾਂ ਕਿਹਾ, ‘‘ਸਰਹੱਦ ਮੁੱਦੇ ’ਤੇ ਚੀਨ ਦੀ ਸਥਿਤੀ ਸਾਫ਼ ਹੈ। ਚੀਨ ਸਰਕਾਰ ਨੇ ਕਦੇ ਵੀ ਭਾਰਤੀ ਪੱਖ ਵਲੋਂ ਇਕਪਾਸੜ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਸਥਾਪਤ ਅਖੌਤੀ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿਤੀ ਹੈ ਅਤੇ ਇਹ ਭਾਰਤੀ ਆਗੂ ਦੇ ਸਬੰਧਤ ਖੇਤਰ ਦੇ ਦੌਰੇ ਦਾ ਸਖ਼ਤ ਵਿਰੋਧ ਕਰਦਾ ਹੈ।’’ ਚੀਨੀ ਬੁਲਾਰੇ ਨੇ ਕਿਹਾ, ‘‘ਅਸੀਂ ਭਾਰਤੀ ਪੱਖ ਤੋਂ ਚੀਨ ਦੀ ਪ੍ਰਮੁੱਖ ਚਿੰਤਾਵਾਂ ਦਾ ਇਮਾਨਦਾਰੀ ਨਾਲ ਸਨਮਾਨ ਕਰਨ ਅਤੇ ਅਜਿਹੀ ਕਿਸੇ ਕਾਰਵਾਈ ਤੋਂ ਬਚਣ ਦੀ ਅਪੀਲ ਕਰਦੇ ਹਾਂ ਜਿਸ ਨਾਲ ਸਰਹੱਦੀ ਮੁੱਦਾ ਹੋਰ ਜਟਿਲ ਅਤੇ ਵਿਸਤਾਰਤ ਹੋ ਜਾਵੇ ਅਤੇ ਜੋ ਆਪਸੀ ਵਿਸ਼ਵਾਸ ਤੇ ਦੁਵੱਲੇ ਸਬੰਧਾਂ ਨੂੰ ਕਮਜ਼ੋਰ ਕਰੇ।’’ (ਏਜੰਸੀ)