
ਪਹਿਲੇ ਛੇ ਮਹੀਨਿਆਂ 'ਚ ਹੀ ਆਬਕਾਰੀ ਦਾ ਮਾਲੀਆ 6000 ਕਰੋੜ ਤੋਂ ਪਾਰ, 38 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾ
ਕਿਹਾ, ਸਾਡੀ ਆਬਕਾਰੀ ਨੀਤੀ ਬਿਲਕੁਲ ਸਹੀ ਤੇ ਕੇਂਦਰ ਦੀਆਂ ਗਿੱਦੜ ਭਬਕੀਆਂ ਤੋਂ ਅਸੀ ਡਰਨ ਵਾਲੇ ਨਹੀਂ
ਚੰਡੀਗੜ੍ਹ, 13 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਕੇਂਦਰੀ ਏਜੰਸੀਆਂ ਰਾਹੀਂ ਪੰਜਾਬ ਦੀ ਆਬਕਾਰੀ ਨੀਤੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਕੀਤੀ ਜਾ ਰਹੀ ਕੋਸ਼ਿਸ਼ ਅਤੇ ਸੂਬੇ ਦੇ ਅਧਿਕਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਿਰੁਧ ਸਖ਼ਤ ਜਵਾਬ ਦਿਤਾ ਹੈ |
ਅੱਜ ਆਬਕਾਰੀ ਨੀਤੀ ਨੂੰ ਲੈ ਕੇ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦੀ ਆਬਕਾਰੀ ਨੀਤੀ ਵਿਰੁਧ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਦੀ ਨੀਤੀ ਨੂੰ ਖ਼ਤਮ ਕਰਨ ਦੇ ਯਤਨ ਕਰ ਰਿਹਾ ਹੈ | ਪੰਜਾਬ ਦੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਪੁਛਗਿਛ ਕਰ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਧਿਕਾਰੀਆਂ ਨਾਲ ਖੜੀ ਹੈ ਅਤੇ ਈ ਡੀ. ਅਤੇ ਸੀ.ਬੀ.ਆਈ. ਦੀ ਕਾਰਵਾਈ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਅਧਿਕਾਰੀਆਂ ਨੂੰ ਡਰਾਉਣ ਧਮਕਾਉਣ ਨਹੀਂ ਦਿਤਾ ਜਾ ਸਕਦਾ | ਉਨ੍ਹਾਂ ਕੇਂਦਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ 'ਆਪ' ਸਰਕਾਰ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ | ਚੀਮਾ ਨੇ ਪੰਜਾਬ ਦੇ ਆਬਕਾਰੀ ਨੀਤੀ ਨੂੰ ਪੂਰੀ ਤਰ੍ਹਾਂ ਸਹੀ ਦਸਦਿਆਂ ਕਿਹਾ ਕਿ ਇਸ ਨੀਤੀ ਸਦਕਾ ਪਹਿਲੀ ਤਿਮਾਹੀ ਵਿਚ ਹੀ ਆਮਦਨ ਵਿਚ 38 ਫ਼ੀ ਸਦੀ ਵਾਧਾ ਹੋਇਆ ਹੈ ਤੇ ਸ਼ਰਾਬ ਮਾਫ਼ੀਆ ਉਪਰ ਲਗਾਮ ਕਸੀ ਗਈ ਹੈ |
ਚੀਮਾ ਨੇ ਦਸਿਆ ਕਿ ਸੂਬੇ ਦਾ ਆਬਕਾਰੀ ਮਾਲੀਆ ਪਹਿਲੀ ਵਾਰ ਵਿੱਤੀ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਵਿਚ 4000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਜਿਸ ਨਾਲ ਸੂਬੇ ਨੂੰ 4280 ਕਰੋੜ ਰੁਪਏ ਦਾ ਕੁਲ ਆਬਕਾਰੀ ਮਾਲੀਆ ਇਕੱਤਰ ਹੋਇਆ ਹੈ |
ਅੱਜ ਇਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ਵਿੱਤ ਮੰਤਰੀ ਨੇ ਪ੍ਰਗਟਾਵਾ
ਕੀਤਾ ਕਿ ਚਾਲੂ ਮਾਲੀ ਸਾਲ ਦੌਰਾਨ ਆਬਕਾਰੀ ਮਾਲੀਏ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਅੰਕੜਿਆਂ ਨਾਲੋਂ 37.62 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦਸਿਆ ਕਿ ਸਾਲ 2021 ਅਤੇ 2022 ਦੌਰਾਨ 1 ਅਪ੍ਰੈਲ ਤੋਂ 12 ਅਕਤੂਬਰ ਤਕ ਆਬਕਾਰੀ ਮਾਲੀਆ ਉਗਰਾਹੀ ਕ੍ਰਮਵਾਰ 3110 ਕਰੋੜ ਰੁਪਏ ਅਤੇ 4280 ਕਰੋੜ ਰੁਪਏ ਰਹੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਅਰਸੇ ਦੌਰਾਨ ਆਬਕਾਰੀ ਮਾਲੀਏ ਵਿਚ 1170 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ |
ਸ਼ਰਾਬ ਮਾਫੀਏ ਨਾਲ ਮਿਲੀਭੁਗਤ ਕਾਰਨ ਆਬਕਾਰੀ ਨੀਤੀ ਵਿਚ ਲੋੜੀਂਦੀ ਤਬਦੀਲੀ ਨਾ ਕਰਨ ਲਈ ਪਹਿਲੀਆਂ ਸੂਬਾ ਸਰਕਾਰਾਂ ਤੇ ਤਿੱਖਾ ਹਮਲਾ ਬੋਲਦਿਆਂ, ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਬੀਤੇ 15 ਸਾਲਾਂ ਦੌਰਾਨ ਹਰ ਸਾਲ ਆਬਕਾਰੀ ਵਸੂਲੀ ਵਿਚ ਸਿਰਫ਼ 7 ਫ਼ੀ ਸਦੀ ਦੇ ਵਾਧੇ ਦੇ ਨਾਲ ਹਿਸਾਬ ਲਾਈਏ ਤਾਂ ਇਨ੍ਹਾਂ ਸਰਕਾਰਾਂ ਨੇ ਸ਼ਰਾਬ ਮਾਫ਼ੀਏ ਨੂੰ 22,500 ਕਰੋੜ ਰੁਪਏ ਤੋਂ ਵੱਧ ਦਾ ਸਰਕਾਰੀ ਖ਼ਜ਼ਾਨਾ ਲੁਟਾਇਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਇਰਾਦੇ ਇਸੇ ਗੱਲ ਤੋਂ ਸਪਸ਼ਟ ਹੋ ਜਾਂਦੇ ਹਨ ਕਿ ਇਸ ਵਲੋਂ 9000 ਕਰੋੜ ਰੁਪਏ ਦਾ ਆਬਕਾਰੀ ਕਰ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਦੋਂ ਕਿ ਪਿਛਲੀ ਸਰਕਾਰ ਦਾ ਟੀਚਾ ਸਿਰਫ਼ 6200 ਕਰੋੜ ਰੁਪਏ ਦਾ ਸੀ | ਤਰਤਾਰਨ ਜ਼ਿਲ੍ਹੇ ਵਿਚ ਵਾਪਰੇ ਹਾਦਸੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ-ਸ਼ਰਾਬ ਮਾਫ਼ੀਆ ਮਿਲੀਭੁਗਤ ਕਾਰਨ ਸਿਰਫ਼ ਸੂਬੇ ਦੇ ਖ਼ਜ਼ਾਨੇ ਨੂੰ ਹੀ ਨੁਕਸਾਨ ਨਹੀਂ ਪਹੁੰਚਿਆ ਬਲਕਿ ਕਈ ਕੀਮਤੀ ਮਨੁੱਖੀ ਜਾਨਾਂ ਦਾ ਵੀ ਘਾਟਾ ਪਿਆ |
38 ਫ਼ੀ ਸਦੀ ਦਾ ਇਹ ਸਿਹਤਮੰਦ ਵਾਧਾ ਨਵੀਂ ਆਬਕਾਰੀ ਨੀਤੀ ਨੂੰ ਸਮਰਪਿਤ ਕਰਦਿਆਂ ਸ. ਚੀਮਾ ਨੇ ਕਿਹਾ ਕਿ ਆਬਕਾਰੀ ਨੀਤੀ 2022-23 ਨੇ ਪੰਜਾਬ ਵਿਚ ਸ਼ਰਾਬ ਦੇ ਕਾਰੋਬਾਰ ਵਿਚ ਇਕ ਸ਼ਲਾਘਾਯੋਗ ਤਬਦੀਲੀ ਦੀ ਸ਼ੁਰੂਆਤ ਕੀਤੀ ਹੈ | ਉਨ੍ਹਾਂ ਕਿਹਾ ਕਿ ਆਬਕਾਰੀ ਨੀਤੀ ਦੇ ਮੁੱਖ ਦੋਹਰੇ ਉਦੇਸ਼ ਮਾਲੀਏ ਨੂੰ ਵਧਾਉਣਾ ਅਤੇ ਖਪਤਕਾਰਾਂ ਨੂੰ ਕਿਫਾਇਤੀ ਤੇ ਮਿਆਰੀ ਸ਼ਰਾਬ ਮੁਹਈਆ ਕਰਨਾ ਹੈ | ਵਿੱਤ ਮੰਤਰੀ ਨੇ ਕਿਹਾ ਕਿ ਇਸ ਨੀਤੀ ਤਹਿਤ ਨਵੀਆਂ ਤਕਨੀਕਾਂ ਰਾਹੀਂ ਗੁਆਂਢੀ ਰਾਜਾਂ ਤੋਂ ਸ਼ਰਾਬ ਦੀ ਤਸਕਰੀ 'ਤੇ ਸਖ਼ਤ ਨਿਗਰਾਨੀ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ |