
ਦਰਬਾਰ ਸਾਹਿਬ ਸਮੇਤ ਪੰਜ ਸਰੋਵਰਾਂ ਦੇ ਜਲ ਸਪਲਾਈ ਕੇਂਦਰ ਦੀ ਹਾਲਤ ਤਰਸਯੋਗ ਬਣੀ
ਅੰਮਿ੍ਤਸਰ, 13 ਅਕਤੂਬਰ (ਪਰਮਿੰਦਰ): ਸ੍ਰੀ ਦਰਬਾਰ ਸਾਹਿਬ ਸਮੇਤ ਇਤਿਹਾਸਕ ਪੰਜ ਸਰੋਵਰਾਂ ਦੇ ਜਲ ਸਪਲਾਈ ਕੇਂਦਰ ਦੀ ਹਾਲਤ ਅੱਜ ਕਲ ਤਰਸਯੋਗ ਬਣੀ ਹੋਈ ਹੈ | ਜਲ ਸਪਲਾਈ ਕੇਂਦਰ ਦੇ ਬਾਹਰ ਲੱਗੇ ਮਲਬੇ ਤੇ ਰੂੜੀ ਦੇ ਢੇਰ ਦਸਦੇ ਹਨ ਕਿ ਇਸ ਸਥਾਨ ਪ੍ਰਤੀ ਅਸੀ ਕਿੰਨੇ ਸੁਹਿਰਦ ਹਾਂ | ਅੰਮਿ੍ਤਸਰ ਦੇ ਤਾਰਾਂ ਵਾਲੇ ਪੁਲ ਤੇ ਸਿੱਖਾਂ ਵਾਲੀ ਨਹਿਰ ਤੇ ਬਣੇ ਜਲ ਸਪਲਾਈ ਕੇਂਦਰ ਦੀ ਸਾਫ਼ ਸਫ਼ਾਈ ਵਲ ਨਾ ਤਾਂ ਸਰਕਾਰ ਦਾ ਧਿਆਨ ਹੈ ਤੇ ਨਾ ਹੀ ਪੰਥ ਦਾ | ਇਥੇ ਫਿਰਦੀਆਂ ਲੰਪੀ ਬਿਮਾਰੀ ਦਾ ਸ਼ਿਕਾਰ ਗਾਵਾਂ ਤੇ ਅਵਾਰਾ ਪਸ਼ੂ ਹਾਲਾਤ ਨੂੰ ਹੋਰ ਵੀ ਗੰਭੀਰ ਬਣ ਾਉਦੇ ਹਨ |
ਜਲ ਸਪਲਾਈ ਕੇਂਦਰ ਦੇ ਬਾਹਰ ਲੱਗੇ ਲੋਹੇ ਦੇ ਗੇਟ ਦੇ ਆਸ ਪਾਸ ਉਗੀ ਜੰਗਲੀ ਬੂਟੀ ਵਿਚ ਸਪ ਕੰਨਖਜੂਰੇ ਆਮ ਦੇਖੇ ਜਾ ਸਕਦੇ ਹਨ | ਇਸ ਜਲ ਸਪਲਾਈ ਕੇਂਦਰ ਦੀ ਹਾਲਤ ਪਹਿਲਾਂ ਵੀ ਖਸਤਾ ਸੀ | ਜਦ ਰੋਜ਼ਾਨਾ ਸਪੋਕਸਮੈਨ ਨੇ ਇਸ ਪਾਸੇ ਪੰਥ ਦਾ ਧਿਆਨ ਦਿਵਾਇਆ ਤਾਂ ਜਲ ਸਪਲਾਈ ਕੇਂਦਰ ਦੀ ਸਾਫ਼ ਸਫ਼ਾਈ ਤੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲਈ ਬਾਬਾ ਅਮਰੀਕ ਸਿੰਘ ਨੇ ਸੇਵਾਦਾਰਾਂ ਤੇ ਹੋਰ ਸੰਤਾਂ ਨੂੰ ਲੈ ਕੇ ਅੰਮਿ੍ਤਸਰ ਦੇ ਪੰਜ ਸਰੋਵਰਾਂ ਤਕ ਜਲ ਲੈ ਕੇ ਜਾਂਦੀ ਹੰਸਲੀ ਦੀ ਸਾਫ਼ ਸਫ਼ਾਈ ਤੇ ਮੁਰੰਮਤ ਕਰਵਾਈ | ਜਲ ਸਪਲਾਈ ਕੇਂਦਰ ਤੇ ਸੇਵਾਦਾਰਾਂ ਦੀ ਪੱਕੀ ਰਿਹਾਇਸ਼ ਕਰਵਾ ਕੇ ਇਸ ਦੇ ਆਲੇ ਦੁਆਲੇ ਨੂੰ ਸਾਫ਼ ਕੀਤਾ | ਜਲ ਸਪਲਾਈ ਕੇਂਦਰ ਦੇ ਬਾਹਰ ਨਿੰਮ, ਪਿੱਪਲ ਤੇ ਸੁਹੰਜਣਾ ਜਿਹੇ ਬੂਟੇ ਲਗਵਾਏ |
ਬਾਬਾ ਅਮਰੀਕ ਸਿੰਘ ਨੇ ਇਸ ਜਲ ਸਪਲਾਈ ਕੇਂਦਰ ਦੀ ਸਫ਼ਾਈ ਲਈ ਕਾਰ ਸੇਵਾ ਵੀ ਕਰਵਾਈ ਜਿਸ ਵਿਚ ਭਾਗ ਲੈਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਅਤੇ ਅੰਮਿ੍ਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ ਸੀ | ਸਿੱਖਾਂ ਵਾਲੀ ਨਹਿਰ ਵਜੋਂ ਜਾਣੀ ਜਾਂਦੀ ਨਹਿਰ ਜੋ ਕਿ ਮਾਧੋਪੁਰ ਤੋਂ ਜਲ ਲੈ ਕੇ ਆਉਂਦੀ ਹੈ ਵਿਚ ਥਾਂ ਥਾਂ ਗੰਦਾ ਪਾਣੀ ਪੈਣ ਤੇ ਮਰੇ ਪਸ਼ੂ ਆਉਣ ਬਾਰੇ ਜਦ ਬਾਬਾ ਅਮਰੀਕ ਸਿੰਘ ਨੇ ਗੁਰਜੀਤ ਸਿੰਘ ਔਜਲਾ ਨੂੰ ਦਸਿਆ ਤਾਂ ਉਨ੍ਹਾਂ ਇਸ ਮਾਮਲੇ ਤੇ ਜਲਦ ਤੇ ਸਖ਼ਤ ਕਦਮ ਚੁੱਕਣ ਦੀ ਗੱਲ ਕੀਤੀ ਸੀ |
ਬਾਬਾ ਅਮਰੀਕ ਸਿੰਘ ਨੇ ਇਸ ਜਲ ਸਪਲਾਈ ਕੇਂਦਰ ਦੇ ਅੰਦਰ ਵੀ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਯਤਨ ਸ਼ੁਰੂ ਕੀਤੇ ਹੀ ਸਨ ਕਿ ਸ਼੍ਰੋਮਣੀ ਕਮੇਟੀ ਨੇ ਇਸ ਜਲ ਸਪਲਾਈ ਕੇਂਦਰ ਦੀ ਸੇਵਾ ਵਿਵਾਦਤ ਬਾਬਾ ਜਗਤਾਰ ਸਿੰਘ ਨੂੰ ਸੌਂਪ ਦਿਤੀ | ਬਾਬਾ ਜਗਤਾਰ ਸਿੰਘ ਨੇ ਇਸ ਜਲ ਸਪਲਾਈ ਕੇਂਦਰ ਪ੍ਰੀਤ ਉਦਾਸੀਨ ਵਤੀਰਾ ਅਖ਼ਤਿਆਰ ਕੀਤਾ ਹੋਇਆ ਹੈ ਜਿਸ ਕਾਰਨ ਇਸ ਜਲ ਸਪਲਾਈ ਕੇਂਦਰ ਦੀ ਹਾਲਤ ਤਸਰਯੋਗ ਬਣੀ ਹੋਈ ਹੈ |