
ਘਰੇਲੂ ਝਗੜੇ ਤੋਂ ਬਾਅਦ ਹੈੱਡ ਕਾਂਸਟੇਬਲ ਨੇ ਵਢੀਆਂ ਹੱਥ ਦੀਆਂ ਨਸਾਂ
ਲੁਧਿਆਣਾ, 13 ਨਵੰਬਰ (ਰਾਮਜੀ ਦਾਸ ਚੌਹਾਨ) : ਵੀਰਵਾਰ ਦੇਰ ਰਾਤ ਫੁਹਾਰਾ ਚੌਕ ਨੇੜੇ ਸਰਕਾਰੀ ਫਲੈਟਾਂ 'ਚ ਰਹਿਣ ਵਾਲੇ ਇਕ ਪੁਲਿਸ ਮੁਲਾਜ਼ਮਾਂ ਨੇ ਅਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਗੁੱਸੇ ਵਿਚ ਅਪਣੇ ਹੱਥ ਦੀਆਂ ਨਸਾਂ ਵੱਢ ਲਈਆਂ। ਪਤਨੀ ਦੇ ਰੌਲਾ ਪਾਉਣ 'ਤੇ ਗੁਆਂਢੀਆਂ ਨੇ ਉਸ ਨੂੰ ਤੁਰਤ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ। ਹਸਪਤਾਲ 'ਚ ਜ਼ਖ਼ਮੀ ਪੁਲਿਸ ਮੁਲਾਜ਼ਮ ਦੀ ਪਛਾਣ ਹੈੱਡ ਕਾਂਸਟੇਬਲ ਸ਼ਿਵਚੰਦ (38) ਵਜੋਂ ਹੋਈ ਹੈ। ਬਿਆਨ ਵਿਚ ਉਸ ਨੇ ਦਸਿਆ ਕਿ ਉਸ ਦਾ ਪਤਨੀ ਨਾਲ ਰੋਜ਼ਾਨਾ ਕਿਸੇ ਨਾ ਕਿਸੇ ਗੱਲ 'ਤੇ ਝਗੜਾ ਹੁੰਦਾ ਸੀ। ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਸ ਨੇ ਵੀਰਵਾਰ ਦੇਰ ਰਾਤ ਕਮਰੇ ਵਿਚ ਪਏ ਚਾਕੂ ਨਾਲ ਅਪਣੇ ਹੱਥ ਦੀਆਂ ਨਸਾਂ ਵੱਢ ਲਈਆਂ। ਇਸ ਤੋਂ ਬਾਅਦ ਉਹ ਬੇਸੁਧ ਹੋ ਕੇ ਹੇਠਾਂ ਡਿੱਗ ਗਿਆ। ਹੋਸ਼ ਆਉਣ 'ਤੇ ਪਤਾ ਚਲਿਆ ਕਿ ਉਹ ਸਿਵਲ ਹਸਪਤਾਲ ਵਿਚ ਦਾਖ਼ਲ ਹੈ। ਜ਼ਖ਼ਮੀ ਹੈੱਡ ਕਾਂਸਟੇਬਲ ਸ਼ਿਵਚੰਦ ਦੀ ਪਤਨੀ ਸ਼ਿਵਾਨੀ ਅਨੁਸਾਰ ਉਸ ਦਾ ਪਤੀ ਰੋਜ਼ਾਨਾ ਸ਼ਰਾਬ ਪੀ ਕੇ ਘਰ ਆਉਂਦਾ ਸੀ। ਇਸ ਕਾਰਨ ਉਨ੍ਹਾਂ ਵਿਚ ਵਿਵਾਦ ਹੁੰਦਾ ਹੈ।image