
ਕੇਂਦਰੀ ਵਜ਼ੀਰਾਂ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਬੈਠਕ ਰਹੀ ਬੇਸਿੱਟਾ
ਕਿਸਾਨਾਂ ਵਲੋਂ ਸੰਘਰਸ਼ ਪਹਿਲਾਂ ਵਾਂਗ ਜਾਰੀ ਰੱਖਣ ਦਾ ਐਲਾਨ, ਖੇਤੀ ਮੰਤਰੀ ਬਾਅਦ ਵਿਚ ਵੀ, ਪ੍ਰੈਸ ਕਾਨਫ਼ਰੰਸ ਵਿਚ 'ਕਾਲੇ ਕਾਨੂੰਨਾਂ' ਨੂੰ ਬਹੁਤ ਚੰਗੇ ਹੀ ਦਸਦੇ ਰਹੇ ਤੇ ਮਾਲ ਗੱਡੀਆਂ, ਐਮ.ਐਸ.ਪੀ. ਬਾਰੇ ਕਿਸਾਨਾਂ ਦੇ ਪੱਖ ਨੂੰ ਗ਼ਲਤ ਹੀ ਕਹਿੰਦੇ ਨਜ਼ਰ ਆਏ
ਚੰਡੀਗੜ੍ਹ, 13 ਨਵੰਬਰ (ਨੀਲ ਭਾਲਿੰਦਰ ਸਿੰਘ): ਕੇਂਦਰ ਦੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਰੇੜਕੇ ਦੇ ਹੱਲ ਲਈ ਸ਼ੁਕਰਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਚ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਲੇ ਚਲੀ ਬੈਠਕ ਬੇਸਿੱਟਾ ਰਹੀ। ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਯਤਨਾਂ ਸਦਕਾ ਸੰਭਵ ਹੋਈ ਇਹ ਚਰਚਿਤ ਬੈਠਕ ਕਰੀਬ 7 ਘੰਟੇ ਚਲੀ।
ਬੈਠਕ ਵਿਚੋਂ ਬਾਹਰ ਆਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਨਵੀਂ ਦਿੱਲੀ ਤੋਂ ਫ਼ੋਨ ਉਤੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲ ਕਰਦੇ ਹੋਏ ਸਪੱਸ਼ਟ ਕੀਤਾ ਕਿ ਬੈਠਕ ਕਿਸੇ ਕਾਰਗਰ ਨਤੀਜੇ ਉਤੇ ਨਹੀਂ ਅੱਪੜ ਸਕੀ। ਇਹ ਵੀ ਪਤਾ ਲੱਗਾ ਹੈ ਕਿ ਕਿਸਾਨ ਆਗੂ ਕੇਂਦਰ ਨਾਲ ਇਕ ਹੋਰ ਮੀਟਿੰਗ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ 18 ਨਵੰਬਰ ਨੂੰ ਉਨ੍ਹਾਂ ਦੀ ਅਪਣੀ ਇਕ ਮੀਟਿੰਗ ਚੰਡੀਗੜ੍ਹ ਵਿਖੇ ਹੋਏਗੀ ਜਿਸ ਵਿਚ ਕਿਸਾਨ ਅਗਲੀ ਰਣਨੀਤੀ ਤਿਆਰ ਕਰਨਗੇ। ਉਧਰ ਇਸ ਬੈਠਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੇ ਲਗਭਗ ਬੇਸਿੱਟਾ ਹੀ ਰਹਿਣ ਦੀਆਂ ਕਿਆਸ ਅਰਾਈਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਸਨ ਕਿਉਂਕਿ ਦਿੱਲੀ ਪੁਲਿਸ ਦਾ ਇਕ ਉਹ ਪੱਤਰ ਜਨਤਕ ਹੋ ਗਿਆ ਜਿਸ ਤਹਿਤ ਪੰਜਾਬ ਦੇ ਕਿਸਾਨਾਂ ਵਲੋਂ ਵਿਉਂਤੇ ਜਾ ਚੁੱਕੇ 26/27 ਨਵੰਬਰ ਦੇ ਦਿੱਲੀ ਵਿਖੇ ਧਰਨੇ ਦੀ ਬੇਨਤੀ ਰੱਦ ਕਰ ਦਿਤੀ ਗਈ ਸੀ। ਹਾਲਾਂਕਿ ਕੋਰੋਨਾ ਮਹਾਂਮਾਰੀ ਦੇ ਹਵਾਲੇ ਨਾਲ ਦਿੱਲੀ ਪੁਲਿਸ ਨੇ ਕਿਸਾਨਾਂ ਦੇ
ਧਰਨੇ ਦੀ ਪ੍ਰਵਾਨਗੀ ਨਾ ਦੇਣ ਦੀ ਗੱਲ ਆਖੀ ਹੈ ਪਰ ਕਿਸਾਨ ਆਗੂ ਉਕਤ ਧਰਨੇ ਲਈ ਪੂਰੀ ਤਰ੍ਹਾਂ ਬਜ਼ਿੱਦ ਹਨ।
ਅੱਜ ਦੀ ਬੈਠਕ ਬਾਰੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਵਜ਼ੀਰਾਂ ਨੇ ਬਕਾਇਦਾ ਤੌਰ 'ਤੇ ਵਿਵਾਦਤ ਕਾਨੂੰਨ ਦਾ ਖਰੜਾ ਪੰਜਾਬੀ ਤਰਜਮੇ ਸਹਿਤ ਕਿਸਾਨਾਂ ਨੂੰ ਵੰਡਿਆ ਜਿਸ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵਿਵਾਦਤ ਕਾਨੂੰਨ ਅਸਲ ਵਿਚ ਕਿਸਾਨ ਪੱਖੀ ਹਨ। ਪਰ ਪੰਜਾਬ ਦੇ ਕਿਸਾਨ ਆਗੂਆਂ ਨੇ ਕੇਂਦਰੀ ਵਜ਼ੀਰਾਂ ਨੂੰ ਮੌਕੇ ਤੇ ਹੀ ਦੋ ਟੁੱਕ ਜਵਾਬ ਦੇ ਦਿਤਾ। ਜਾਣਕਾਰੀ ਅਨੁਸਾਰ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਦੇ ਮੂੰਹ ਉਤੇ ਕਹਿ ਦਿਤਾ ਕਿ ਉਹ ਬੜੀ ਚੰਗੀ ਤਰ੍ਹਾਂ ਇਨ੍ਹਾਂ ਵਿਵਾਦਤ ਕਾਲੇ ਕਾਨੂੰਨਾਂ ਦਾ ਅਧਿਐਨ ਕਰ ਚੁੱਕੇ ਹਨ ਤੇ ਉਹ ਹਰਫ਼ ਸਮਝ ਚੁੱਕੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਸਮਝਾ ਚੁੱਕੇ ਹਨ ਕਿ ਇਹ ਕਾਨੂੰਨ ਕਿਰਸਾਨੀ ਦੇ ਹੱਕ ਵਿਚ ਉੱਕਾ ਹੀ ਨਹੀਂ ਭੁਗਤਦੇ।
ਦਸਣਯੋਗ ਹੈ ਕਿ ਕਿਸਾਨ ਅੰਦੋਲਨ ਫ਼ਿਲਹਾਲ ਪੰਜਾਬ ਅੰਦਰ ਜਾਰੀ ਰਹੇਗਾ। ਕੇਂਦਰ ਨੇ ਕਿਸਾਨਾਂ ਨੂੰ ਇਕ ਕਮੇਟੀ ਬਣਾਉਣ ਦਾ ਵੀ ਭਰੋਸਾ ਦਿਤਾ ਹੈ। ਫ਼ਿਲਹਾਲ ਕਿਸਾਨਾਂ ਨੇ ਪੰਜਾਬ ਅੰਦਰ ਯਾਤਰੀ ਰੇਲਾਂ ਨੂੰ ਇਜਾਜ਼ਤ ਨਹੀਂ ਦਿਤੀ। ਕੇਂਦਰੀ ਰੇਲ ਮੰਤਰੀ ਪਿਉਸ਼ ਗੋਇਲ ਤੇ ਖੇਤੀ ਮੰਤਰੀ ਨਰੇਂਦਰ ਤੋਮਰ ਇਸ ਮੀਟਿੰਗ ਵਿਚ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਮੌਜੂਦ ਸੀ।
imageਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਹੋਰ ਆਗੂ।