
ਇਹ ਹਾਲੇ ਤੱਕ ਸਪਸ਼ਟ ਨਹੀਂ ਕਿ ਉਨ੍ਹਾਂ ਦੀ ਭੈਣ ਕਿਹੜੀ ਪਾਰਟੀ ’ਚ ਸ਼ਾਮਲ ਹੋਣਗੇ।
ਮੋਗਾ : ਪਿਛਲੇ ਕੁੱਝ ਦਿਨਾਂ ਤੋਂ ਇਹ ਖ਼ਬਰ ਚਰਚਾ ਵਿਚ ਸੀ ਕਿ ਸੋਨੂੰ ਸੂਦ ਸਿਆਸਤ ਵਿਚ ਪੈਰ ਰੱਖਣਗੇ ਪਰ ਅੱਜ ਸੋਨੂੰ ਸੂਦ ਤੇ ਉਹਨਾਂ ਦੀ ਭੈਣ ਮਾਲਵਿਕਾ ਸੂਦ ਨੇ ਮੋਗਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਸੋਨੂੰ ਸੂਦ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਅਜੇ ਚੋਣਾਂ ਲੜਨ ਬਾਰੇ ਨਹੀਂ ਸੋਚ ਰਹੇ ਹਨ ਤੇ ਉਹ ਫਿਲਹਾਲ ਲੋਕਾਂ ਦੀ ਸੇਵਾ ਕਰਨ ਬਾਰੇ ਸੋਚ ਰਹੇ ਹਨ। ਸੋਨੂੰ ਸੂਦ ਨੇ ਪ੍ਰੈਸ ਕਾਨਫਰੰਸ ਵਿਚ ਇਹ ਜ਼ਰੂਰ ਦੱਸਿਆ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸਿਆਸਤ ’ਚ ਉਤਰਨਗੇ। ਇਸ ਮੌਕੇ ਸੋਨੂੰ ਸੂਦ ਦੀ ਭੈਣ ਨੇ ਮੋਗਾ ਤੋਂ ਚੋਣ ਲੜਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਹਾਲੇ ਤੱਕ ਸਪਸ਼ਟ ਨਹੀਂ ਕਿ ਉਨ੍ਹਾਂ ਦੀ ਭੈਣ ਕਿਹੜੀ ਪਾਰਟੀ ’ਚ ਸ਼ਾਮਲ ਹੋਣਗੇ।
Sonu Sood, Malvika Sood
ਸਿਆਸਤ ’ਚ ਸ਼ਾਮਲ ਹੋਣ ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਕਿਸੇ ਪਾਰਟੀ ਨਾਲ ਜੁੜਨ ਦਾ ਨਹੀਂ ਸੋਚਿਆ ਅਤੇ ਨਾ ਹੀ ਇਸ ਸਬੰਧੀ ਕੋਈ ਫ਼ੈਸਲਾ ਲਿਆ ਹੈ। ਰਾਜਨੀਤੀ ਵਿਚ ਆਉਣ ਦਾ ਉਨ੍ਹਾਂ ਨੇ ਆਪਣਾ ਅਜੇ ਮਨ ਨਹੀਂ ਬਣਾਇਆ। ਸੋਨੂੰ ਸੂਦ ਨੂੰ ਜਦੋਂ ਮੁੱਖ ਮੰਤਰੀ ਚੰਨੀ ਅਤੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਗਈ ਮੁਲਾਕਾਤ ਨੂੰ ਲੈ ਕੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਦੋਵੇਂ ਮੁੱਖ ਮੰਤਰੀ ਬਹੁਤ ਚੰਗੇ ਇਨਸਾਨ ਹਨ। ਸੋਨੂੰ ਸੂਦ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ।
ਸੋਨੂੰ ਸੂਦ ਨੇ ਕਿਹਾ ਕਿ ਇਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਉਹ ਲੋਕਾਂ ਦੀ ਸਿਹਤ ਅਤੇ ਸਹੂਲਤਾਂ ਨੂੰ ਲੈ ਕੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ। ਸੋਨੂੰ ਸੂਦ ਨੇ ਕਿਹਾ ਕਿ ਪੰਜਾਬ ’ਚ ਡੇਂਗੂ ਦਾ ਕਹਿਰ ਵੱਧ ਰਿਹਾ ਹੈ, ਜਿਸ ਦਾ ਇਲਾਜ ਬਹੁਤ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਕੋਲ ਡੇਂਗੂ ਦਾ ਇਲਾਜ ਕਰਵਾਉਣ ਲਈ ਪੈਸਾ ਨਹੀਂ, ਉਹ ਉਨ੍ਹਾਂ ਨੂੰ 5 ਹਜ਼ਾਰ ਰੁਪਏ ਦੇਣਗੇ। ਸੋਨੂੰ ਸੂਦ ਨੇ ਕਿਹਾ ਕਿ ਅੱਜ ਕੱਲ ਡੈਲਸਿਸ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ। ਇਸ ਸਮੱਸਿਆ ਤੋਂ ਪੀੜਤ ਲੋਕਾ ਦਾ ਇਲਾਜ ਉਹ ਮੁਫ਼ਤ ਕਰਵਾਉਣਗੇ।
Sonu Sood
ਸੋਨੂੰ ਸੂਦ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਚੋਣ ਮਨੋਰਥ ਪੱਤਰ ਦੇ ਨਾਲ-ਨਾਲ ਇਕ ਐਗਰੀਮੈਂਟ ਹੋਣਾ ਚਾਹੀਦਾ ਹੈ। ਇਸ ਐਗਰੀਮੈਂਟ ’ਚ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਜੋ ਉਮੀਦਵਾਰ ਚੋਣ ਲੜ ਰਹੇ ਹਨ, ਉਨ੍ਹਾਂ ਨੇ ਜੋ ਵਾਅਦੇ ਕੀਤੇ ਹਨ, ਉਹ ਵਾਅਦੇ ਕਦੋਂ ਤੱਕ ਅਤੇ ਕਿਵੇਂ ਪੂਰੇ ਹੋਣਗੇ ਇਸ ਸਭ ਬਾਰੇ ਦੱਸਿਆ ਹੋਣਾ ਚਾਹੀਦਾ ਹੈ। ਕਿਸੇ ਵੀ ਪਾਰਟੀ ’ਚ ਸ਼ਾਮਲ ਹੋਣ ਦਾ ਸਵਾਲ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ਪਾਰਟੀਆਂ ਜ਼ਿਆਦਾ ਅਹਿਮ ਨਹੀਂ ਹੁੰਦੀਆਂ, ਸਗੋਂ ਲੋਕ ਅਹਿਮ ਹੁੰਦੇ ਹਨ, ਜੋ ਫ਼ੈਸਲਾ ਕਰਦੇ ਹਨ। ਇਸ ਦੇ ਨਾਲ ਹੀ ਸੋਨੂੰ ਸੂਦ ਨੇ ਕਿਹਾ ਕਿ ਅਸੀਂ ਸਥਾਨਕ ਉਮੀਦਵਾਰਾਂ ਦੀ ਹਮਾਇਤ ਕਰਾਂਗੇ, ਉਨ੍ਹਾਂ ਦਾ ਵਿਰੋਧ ਨਹੀਂ ਕਰ ਸਕਦੇ।