
ਮੋਦੀ ਵਿਚ ਇਹ ਬਿੱਲ ਪਾਸ ਕਰਨ ਦੀ ਹਿੰਮਤ ਨਹੀਂ ਸੀ ਜਦੋਂ ਇਹ ਸਾਰੀਆਂ ਪਾਰਟੀਆਂ ਦੇ ਲੀਡਰ ਮੋਦੀ ਨਾਲ ਮਿਲ ਗਏ ਤਾਂ ਹੀ ਮੋਦੀ ਨੇ ਬਿੱਲ ਪਾਸ ਕੀਤੇ ਹਨ।
ਲੁਧਿਆਣਾ (ਰਾਜਵਿੰਦਰ ਸਿੰਘ) - ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਅੱਜ ਲੁਧਿਆਣਾ ਵਿਖੇ ਹਲਕਾ ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ ਦੇ ਹੱਕ ਦੇ ਵਿਚ ਵੱਖ-ਵੱਖ ਥਾਵਾਂ 'ਤੇ ਪ੍ਰਚਾਰ ਕਰਨ ਪਹੁੰਚੇ ਸਨ। ਜਦੋਂ ਉਹਨਾਂ ਦੇ ਪਹੁੰਚਣ ਦੀ ਖ਼ਬਰ ਕਿਸਾਨਾਂ ਨੂੰ ਮਿਲੀ ਤਾਂ ਉਹਨਾਂ ਦਾ ਕੇ ਵਿਰੋਧ ਹੋਇਆ ਤੇ ਉਹਨਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
Farmers Protest Against Sukhbir Badal in ludhiana
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਅੱਜ ਸੜਕਾਂ ਤੇ ਬੈਠ ਕੇ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ ਅਤੇ ਪਾਰਟੀਆਂ ਚੋਣ ਪ੍ਰਚਾਰ ਕਰਨ 'ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੂੰ ਕਿਸਾਨਾਂ ਦੀ ਕੋਈ ਫ਼ਿਕਰ ਨਹੀਂ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਕਾਲੇ ਕਾਨੂੰਨ ਬਣਾਏ ਜਾ ਰਹੇ ਸਨ ਤਾਂ ਅਕਾਲੀ ਦਲ ਨੇ ਹੀ ਸਭ ਤੋਂ ਪਹਿਲਾਂ ਇਸ ਦੀ ਹਾਮੀ ਭਰੀ ਸੀ ਜਿਸ ਕਰ ਕੇ ਅੱਜ ਤੱਕ ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਨੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਅਕਾਲੀ ਦਲ ਦੇ ਆਗੂਆਂ ਨੂੰ ਘਰੋਂ ਬਾਹਰ ਤੱਕ ਵੀ ਨਹੀਂ ਨਿਕਲਣ ਦਿੱਤਾ ਜਾਵੇਗਾ।
Farmers Protest Against Sukhbir Badal in ludhiana
ਉਨ੍ਹਾਂ ਕਿਹਾ ਕਿ ਇਹ ਸਾਡੇ ਸਵਾਲਾਂ ਤੋਂ ਵੀ ਭੱਜਦੇ ਹਨ। ਕਿਸਾਨਾਂ ਨੇ ਕਿਹਾ ਕਿ ਅਸੀਂ ਰਾਜਨੀਤਕ ਪ੍ਰਚਾਰ ਦਾ ਵਿਰੋਧ ਨਹੀਂ ਕਰਦੇ ਸਿਰਫ਼ ਇਹ ਕਹਿ ਰਹੇ ਹਾਂ, ਕਿ ਜਦੋਂ ਤੱਕ ਕਿਸਾਨਾਂ ਦਾ ਹੱਲ ਨਹੀਂ ਹੁੰਦਾ ਅਪਣੇ ਪ੍ਰਚਾਰ ਬੰਦ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦਿੱਲੀ ਵਿਚ ਲੱਗੇ ਕਿਸਾਨਾਂ ਦੇ ਧਰਨੇ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸਾਨਾਂ ਨੇ ਕਿਹਾ ਕਿ ਦਿੱਲੀ ਵਿਚ ਸੈਂਕੜੇ ਕਿਸਾਨ ਧਰਨੇ ਦੌਰਾਨ ਸ਼ਹੀਦ ਹੋ ਗਏ ਅਤੇ ਅਰਬਾਂ ਰੁਪਏ ਲੱਗ ਚੁੱਕੇ ਨੇ ਇਸ ਦੇ ਬਾਵਜੂਦ ਲੀਡਰਾਂ ਨੂੰ ਸਿਰਫ਼ ਆਪਣੀਆਂ ਵੋਟਾਂ ਦੀ ਪਈ ਹੈ। ਕਿਸਾਨਾਂ ਨੇ ਕਿਹਾ ਕਿ ਮੋਦੀ ਵਿਚ ਇਹ ਬਿੱਲ ਪਾਸ ਕਰਨ ਦੀ ਹਿੰਮਤ ਨਹੀਂ ਸੀ ਜਦੋਂ ਇਹ ਸਾਰੀਆਂ ਪਾਰਟੀਆਂ ਦੇ ਲੀਡਰ ਮੋਦੀ ਨਾਲ ਮਿਲ ਗਏ ਤਾਂ ਹੀ ਮੋਦੀ ਨੇ ਬਿੱਲ ਪਾਸ ਕੀਤੇ ਹਨ।