
ਮੁੱਖ ਮੰਤਰੀ ਚੰਨੀ ਦੱਸਣ- ਬੇਰੁਜ਼ਗਾਰੀ ਵਿਰੁੱਧ ਸੰਘਰਸ਼ ਕਰ ਰਹੇ ਦਲਜੀਤ ਦੇ ਸਰਕਾਰੀ ਕਤਲ ਲਈ ਕੌਣ ਹੈ ਜ਼ਿੰਮੇਵਾਰ- ਮੀਤ ਹੇਅਰ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਬੇਰੁਜ਼ਗਾਰੀ ਵਿਰੁੱਧ ਸੰਘਰਸ਼ ਕਰ ਰਹੇ ਬੇਰੁਜ਼ਗਾਰ ਪੀਟੀਆਈ ਯੂਨੀਅਨ (646) ਦੇ ਕਾਰਕੁੰਨ ਦਲਜੀਤ ਸਿੰਘ ਕਾਕਾ ਭਾਊ ਦੀ ਡੇਂਗੂ ਨਾਲ ਹੋਈ ਮੌਤ ਨੂੰ ‘ਸਰਕਾਰੀ ਕਤਲ’ ਕਰਾਰ ਦਿੱਤਾ ਹੈ ਅਤੇ ਇਸ ਲਈ ਸੱਤਾਧਾਰੀ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਮੁਹਾਲੀ ਵਿਖੇ ਧਰਨਾ ਲਗਾ ਕੇ ਨੌਕਰੀ ਦੀ ਮੰਗ ਕਰ ਰਹੇ ਬੇਰੁਜ਼ਗਾਰ ਪੀਟੀਆਈ ਯੂਨੀਅਨ (646) ਨਾਲ ਸੰਬੰਧਿਤ ਪਿੰਡ ਕੌੜੀਵਾਲਾ (ਸਰਦੂਲਗੜ੍ਹ) ਮਾਨਸਾ ਦੇ ਹੋਣਹਾਰ ਨੌਜਵਾਨ ਦਲਜੀਤ ਸਿੰਘ ਕਾਕਾ ਭਾਊ ਦੀ ਬੇਵਕਤੀ ਮੌਤ ‘ਤੇ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਲਈ ਗਲੇ-ਸੜੇ ਅਤੇ ਦਿਸ਼ਾਹੀਣ ਸਰਕਾਰੀ ਸਿਸਟਮ ਸਮੇਤ ਸੱਤਾਧਾਰੀ ਸਿਆਸਤਦਾਨਾਂ ਨੂੰ ਦੋਸ਼ੀ ਠਹਿਰਾਇਆ।
CM Charanjit Singh Channi
ਮੀਤ ਹੇਅਰ ਨੇ ਦੱਸਿਆ ਕਿ ਇੱਕ ਪਾਸੇ ਸੂਬੇ ਦੇ ਸਰਕਾਰੀ ਸਕੂਲਾਂ ‘ਚ ਪੀਟੀਆਈ ਮਾਸਟਰਾਂ ਦੇ ਸੈਂਕੜੇ ਪਦ ਖ਼ਾਲੀ ਪਏ ਹਨ ਅਤੇ ਵਿਦਿਆਰਥੀ ਖੇਡਣ-ਕੁੱਦਣ ਲਈ ਪੀਟੀਆਈ ਟੀਚਰਾਂ ਨੂੰ ਤਰਸ ਰਹੇ ਹਨ, ਦੂਜੇ ਪਾਸੇ ਪੜ੍ਹ-ਲਿਖ ਅਤੇ ਲੋੜੀਂਦੀ ਯੋਗਤਾ ਲੈ ਕੇ ਪੀਟੀਆਈ ਉਮੀਦਵਾਰ ਨੌਕਰੀਆਂ ਲਈ ਸੜਕਾਂ-ਟੈਂਕੀਆਂ ਉੱਤੇ ਪੱਕੇ ਧਰਨੇ ਲਗਾਉਣ ਲਈ ਮਜਬੂਰ ਹਨ।
ਮੀਤ ਹੇਅਰ ਨੇ ਦੱਸਿਆ ਕਿ ਬੇਰੁਜ਼ਗਾਰ ਪੀਟੀਆਈ ਯੂਨੀਅਨ (646) ਦੇ ਬੈਨਰ ਹੇਠ ਪਿਛਲੇ 32 ਦਿਨਾਂ ਤੋਂ ਨੌਜਵਾਨ ਲੜਕੇ-ਲੜਕੀਆਂ ਮੁਹਾਲੀ ਸਥਿਤ ਇੱਕ ਪਾਣੀ ਦੀ ਟੈਂਕੀ ਥੱਲੇ ਧਰਨੇ ‘ਤੇ ਬੈਠੇ ਹਨ, ਜਿੰਨਾ ਦੇ ਕੁੱਝ ਸਾਥੀ 32 ਦਿਨਾਂ ਤੋਂ ਹੀ ਪਾਣੀ ਦੀ ਟੈਂਕੀ ਦੇ ਉੱਤੇ ਚੜ੍ਹੇ ਹੋਏ ਹਨ। ਮੀਤ ਹੇਅਰ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਲੋਕਾਂ ‘ਚ ਬਣੇ ਰਹਿਣ ਲਈ ਰੋਜ਼ ਨਵਾਂ ਡਰਾਮਾ ਕਰਦੇ ਹਨ, ਪਰੰਤੂ ਆਪਣੀ ਨਿੱਜੀ ਅਤੇ ਸਰਕਾਰੀ ਰਿਹਾਇਸ਼ ਤੋਂ ਸਿਰਫ਼ 15-20 ਮਿੰਟ-ਦੂਰੀ ‘ਤੇ ਸਥਿਤ ਇਨ੍ਹਾਂ ਧਰਨਾਕਾਰੀ ਨੌਜਵਾਨਾਂ ਨੂੰ ਮਿਲਣ ਜਾਂ ਇਨ੍ਹਾਂ ਦੀ ਗੱਲ ਸੁਣਨ ਦਾ ਉਨ੍ਹਾਂ ਕੋਲ ਕੋਈ ਸਮਾਂ ਨਹੀਂ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਚੰਨੀ ਜ਼ਮੀਨੀ ਹਕੀਕਤਾਂ ਤੋਂ ਦੂਰ ਸਿਰਫ਼ ਹਵਾ ‘ਚ ਤੀਰ ਮਾਰ ਰਹੇ ਹਨ।
Meet Hayer
ਮੀਤ ਹੇਅਰ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਸਹੀ ਨੀਤੀ ਅਤੇ ਸਾਫ਼ ਸੁਥਰੀ ਨੀਅਤ ਹੋਵੇ ਤਾਂ ਨਾ ਕੇਵਲ ਪੀਟੀਆਈ ਯੂਨੀਅਨ ਬਲਕਿ ਪੰਜਾਬ ਭਰ ‘ਚ ਧਰਨਿਆਂ ‘ਤੇ ਬੈਠੇ ਵੱਖ ਵੱਖ ਬੇਰੁਜ਼ਗਾਰ ਅਤੇ ਹੋਰ ਸੰਗਠਨਾਂ ਦੇ ਮੁੱਦੇ ਘੰਟਿਆਂ ‘ਚ ਹੱਲ ਹੋ ਸਕਦੇ ਹਨ। ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਾਂਗ ਲੋਕਾਂ ਦੀ ਸਿਹਤ ਵੀ ਸਰਕਾਰ ਦੇ ਏਜੰਡੇ ‘ਤੇ ਨਹੀਂ ਹੈ, ਜਿਸ ਕਰਕੇ ਡੇਂਗੂ ਨਾਲ ਸੈਂਕੜੇ ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਅੱਜ ਵੀ ਡੇਂਗੂ ਦੀ ਬਿਮਾਰੀ ‘ਤੇ ਕਾਬੂ ਨਹੀਂ ਪਾ ਸਕੀ। ਮੀਤ ਹੇਅਰ ਨੇ ਦੱਸਿਆ ਕਿ ਮੁਹਾਲੀ ‘ਚ ਜਿਸ ਥਾਂ ‘ਤੇ ਪ੍ਰਦਰਸ਼ਨਕਾਰੀ ਧਰਨੇ ‘ਤੇ ਬੈਠੇ ਹਨ, ਓਥੇ ਆਸਪਾਸ ਦੀ ਗੰਦਗੀ ਕਾਰਨ ਦਲਜੀਤ ਸਿੰਘ ਡੇਂਗੂ ਦੀ ਚਪੇਟ ‘ਚ ਆ ਗਿਆ, ਜੋ ਲਗਾਤਾਰ 29 ਦਿਨਾਂ ਤੋਂ ਉਸੇ ਥਾਂ ‘ਤੇ ਦਿਨ-ਰਾਤ ਧਰਨੇ ‘ਤੇ ਬੈਠਾ ਸੀ।
ਮੀਤ ਹੇਅਰ ਨੇ ਦਲਜੀਤ ਸਿੰਘ ਦੀ ਮੌਤ ਲਈ ਸਿੱਧੇ ਤੌਰ ‘ਤੇ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਲਈ ਚੰਨੀ ਸਰਕਾਰ ਦਲਜੀਤ ਸਿੰਘ ਦੇ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਢੁਕਵਾਂ ਮੁਆਵਜ਼ਾ ਦੇਣ ਦੇ ਨਾਲ-ਨਾਲ ਧਰਨਿਆਂ ‘ਤੇ ਬੈਠੇ ਸਾਰੇ ਬੇਰੁਜ਼ਗਾਰਾਂ ਨੂੰ ਆਪਣੇ ‘ਘਰ-ਘਰ ਨੌਕਰੀ’ ਦੇ ਵਾਅਦੇ ਅਨੁਸਾਰ ਨੌਕਰੀਆਂ ਯਕੀਨੀ ਬਣਾਵੇ।