
ਘਰ ਪਹੁੰਚਣ ਦੇ ਨਾਲ ਹੀ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੇਹੋਸ਼ ਹੋ ਗਿਆ
ਰੂਪਨਗਰ: ਮਾਜਰੀ ਕੋਟਲਾ ਨਿਹੰਗ ਰੋਡ 'ਤੇ ਬੀਤੀ ਸ਼ਾਮ ਚਾਈਨਾ ਡੋਰ (ਪਲਾਸਟਿਕ ਦੀ ਡੋਰ) ਦੀ ਲਪੇਟ ਵਿਚ ਆਉਣ ਨਾਲ ਇਕ 13 ਸਾਲ ਦੇ ਗੁਲਸ਼ਨ ਦਾ ਗਲਾ ਕੱਟ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮੌਤ ਦੀ ਖ਼ਬਰ ਨਾਲ ਜਿੱਥੇ ਪਰਿਵਾਰ ’ਚ ਚੀਕ-ਚਿਹਾੜਾ ਪੈ ਗਿਆ ਹੈ, ਉਥੇ ਹੀ ਇਲਾਕੇ ’ਚ ਵੀ ਸੋਗ ਦੀ ਲਹਿਰ ਦੌੜ ਪਈ ਹੈ। ਗਰੀਬ ਪਰਿਵਾਰ ਦਿਹਾੜੀ ਦੱਪਾ ਕਰ ਕੇ ਘਰ ਦਾ ਗੁਜ਼ਾਰਾ ਕਰ ਕੇ ਚਲਾਉਂਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਕੋਟਲਾ ਨਿਹੰਗ ਦਾ 13 ਸਾਲਾ ਗੁਲਸ਼ਨ 8ਵੀਂ ਜਮਾਤ ’ਚ ਪੜ੍ਹਦਾ ਸੀ ਅਤੇ ਬੀਤੀ ਸ਼ਾਮ 4 ਵਜੇ ਦੇ ਕਰੀਬ ਉਹ ਸੜਕ ’ਤੇ ਸਾਈਕਲ ’ਤੇ ਜਾ ਰਿਹਾ ਸੀ। ਅਚਾਨਕ ਚਾਈਨਾ ਡੋਰ ਦੀ ਲਵੇਟ ਵਿਚ ਆਉਣ ਕਾਰਨ ਉਸ ਦਾ ਗਲਾ ਕੱਟ ਗਿਆ ਤੇ ਉਹ ਜ਼ਖ਼ਮੀ ਹੋ ਗਿਆ। ਉਸ ਸਮੇਂ ਉਹ ਗਲੇ ’ਤੇ ਰੂਮਾਲ ਬੰਨ੍ਹ ਕੇ ਮੁਸ਼ਕਿਲ ਨਾਲ ਘਰ ਤੱਕ ਪਹੁੰਚਿਆ ਪਰ ਘਰ ਪਹੁੰਚਣ ਦੇ ਨਾਲ ਹੀ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੇਹੋਸ਼ ਹੋ ਗਿਆ। ਇਸ ਦੇ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਗੁਲਸ਼ਨ ਦੇ ਰੂਪ ’ਚ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ 'ਤੇ ਸਖਤੀ ਨਾਲ ਪਾਬੰਦੀ ਲਗਾਉਣੀ ਚਾਹੀਦਾ ਹੈ। ਤਾਂ ਜੋ ਹੋਰ ਕਿਸੇ ਮਾਸੂਮ ਦੀ ਜਾਨ ਨਾ ਜਾ ਸਕੇ। ਇਸ ਦੇ ਨਾਲ ਹੀ ਪਰਿਵਾਰ ਨੇ ਪੰਤਗਾਂ ’ਤੇ ਵੀ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂਕਿ ਜਦੋਂ ਪਤੰਗਾਂ ਹੀ ਨਹੀਂ ਹੋਣਗੀਆਂ ਤਾਂ ਚਾਈਨਾ ਡੋਰ ਕਿੱਥੋਂ ਆਏਗੀ।