
ਮਾਨਸਿਕ ਤੌਰ 'ਤੇ ਸਨ ਪਰੇਸ਼ਾਨ
ਲੁਧਿਆਣਾ: ਪੰਜਾਬ ਦੇ ਲੁਧਿਆਣਾ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬਲਜਿੰਦਰ ਵਜੋਂ ਹੋਈ ਹੈ। ਬਲਜਿੰਦਰ ਸਿੰਘ ਦੀ ਲਾਸ਼ ਪਹਿਲੀ ਮੰਜ਼ਿਲ 'ਤੇ ਬਣੀ ਬੈਰਕ 'ਚ ਗਰਿੱਲ ਨਾਲ ਲਟਕਦੀ ਮਿਲੀ। ਸਵੇਰੇ ਬਲਜਿੰਦਰ ਦਾ ਸਾਥੀ ਮੁਲਾਜ਼ਮ ਚਾਹ ਲੈਣ ਲਈ ਥਾਣੇ 'ਚ ਗਿਆ ਸੀ, ਜਿਵੇਂ ਹੀ ਉਸ ਨੇ ਉੱਪਰ ਜਾ ਕੇ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੇਖਿਆ ਕਿ ਬਲਜਿੰਦਰ ਦੀ ਲਾਸ਼ ਗਰਿੱਲ ਨਾਲ ਲਟਕ ਰਹੀ ਸੀ।
ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਦੁੱਗਰੀ ਦੀ ਐਸਐਚਓ ਮਧੂਬਾਲਾ ਮੌਕੇ ’ਤੇ ਪਹੁੰਚ ਗਈ। ਹੈੱਡ ਕਾਂਸਟੇਬਲ ਬਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਹੈੱਡ ਕਾਂਸਟੇਬਲ ਖੰਨਾ ਨੇੜਲੇ ਪਿੰਡ ਭੋਰਲਾ ਦਾ ਰਹਿਣ ਵਾਲਾ ਸੀ। ਕਰੀਬ ਇੱਕ ਸਾਲ ਤੋਂ ਉਹ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਦੁੱਗਰੀ ਥਾਣੇ ਵਿੱਚ ਤਾਇਨਾਤ ਸੀ।
ਬਲਜਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਏਸੀਪੀ ਵੈਭਵ ਸਹਿਗਲ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਬਲਜਿੰਦਰ ਸਿੰਘ ਥਾਣੇ ਦੀ ਪਹਿਲੀ ਮੰਜ਼ਿਲ 'ਤੇ ਰਹਿੰਦਾ ਸੀ। ਉਸ ਨੇ ਸਵੇਰੇ ਬੈਰਕ ਦੀ ਗਰਿੱਲ ਦੇ ਨਾਲ ਕੱਪੜੇ ਦੇ ਟੁਕੜੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਸਵੇਰੇ 9:45 ਵਜੇ ਦੇ ਕਰੀਬ, ਇੱਕ ਸਾਥੀ ਸਿਪਾਹੀ ਨੇ ਪਹਿਲਾਂ ਉਸਨੂੰ ਲਟਕਦੇ ਦੇਖਿਆ ਅਤੇ ਅਲਾਰਮ ਵਜਾਇਆ। ਪਰਿਵਾਰ ਲੁਧਿਆਣਾ ਪਹੁੰਚ ਗਿਆ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਏਸੀਪੀ ਸਹਿਗਲ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।