ਅਧਿਕਾਰੀਆਂ ਨਾਲ ਕਿਲੋਮੀਟਰ ਬੱਸ ਸਕੀਮ ਨੂੰ ਲੈ ਕੇ ਮੀਟਿੰਗ ਰਹੀ ਬੇਨਤੀਜਾ
ਚੰਡੀਗੜ੍ਹ (ਭੁੱਲਰ): ਪੰਜਾਬ ਰੋਡਵੇਜ਼, ਪਨਬਸ, ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਕੋਈ ਠੋਸ ਨਤੀਜਾ ਸਾਹਮਣੇ ਨਾ ਅਉਣ ਬਾਅਦ ਇਕ ਵਾਰ ਮੁੜ 17 ਤੇ 18 ਨਵੰਬਰ ਨੂੰ ਚੱਕਾ ਜਾਮ ਕਰ ਕੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ।
ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ’ਤੇ ਸੰਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ਬਾਅਦ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦਸਿਆ ਕਿ ਜਥੇਬੰਦੀ ਦੀਆਂ ਸਾਰੀਆਂ ਹੀ ਮੰਗਾਂ ’ਤੇ ਵਿਚਾਰ ਚਰਚਾ ਕੀਤੀ ਗਈ।
ਯੂਨੀਅਨ ਵਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ 1 ਮਹੀਨੇ ਦੇ ਵਿਚ ਮੰਗਾਂ ਦਾ ਹੱਲ ਕਰਨ ਦਾ ਲਿਖਤੀ ਭਰੋਸਾ ਦਿਤਾ ਸੀ ਪ੍ਰੰਤੂ ਇਕ ਵੀ ਮੰਗ ਦਾ ਹੱਲ ਨਹੀਂ ਹੋਇਆ ਸਾਰੇ ਪਰੂਫ਼ ਨੋਟੀਫ਼ੀਕੇਸ਼ਨ ਫਿਰ ਸਾਹਮਣੇ ਰੱਖੇ ਗਏ ਅਤੇ ਕਿਲੋਮੀਟਰ ਬਸਾਂ ਨਾਲ ਹੋਣ ਵਾਲੇ ਨੁਕਸਾਨ ਦੇ ਅੰਕੜੇ ਸਬੂਤਾਂ ਸਮੇਤ ਪੇਸ਼ ਕੀਤੇ ਗਏ ਅਤੇ ਵਿਭਾਗਾਂ ਦੇ ਕਰੋੜਾਂ ਰੁਪਏ ਫ਼ਰੀ ਸਫ਼ਰ ਸਹੂਲਤਾਂ ਦੇ ਸਰਕਾਰ ਵਲੋਂ ਦਿਵਾਉਣ ਅਤੇ ਅਪਣੀਆ ਸਰਕਾਰੀ ਬਸਾਂ ਪਾਉਣ ਦੀ ਗੱਲ ਸਪੱਸ਼ਟ ਕੀਤੀ ਗਈ ਪ੍ਰੰਤੂ ਹਰ ਵਾਰ ਦੀ ਤਰ੍ਹਾਂ ਮੰਗਾਂ ਦਾ ਹੱਲ ਕਰ ਰਹੇ ਹਾਂ, ਪ੍ਰਸੋਨਲ ਕੋਲ ਕੇਸ ਹੈ ਅਤੇ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਤਾ ਗਿਆ। ਪ੍ਰੰਤੂ ਕਿਸੇ ਵੀ ਮੰਗ ਨੂੰ ਅੱਜ ਤਕ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ 17 ਨਵੰਬਰ ਮੁੜ ਮੁਲਤਵੀ ਕੀਤੇ ਗਏ ਕਿਲੋਮੀਟਰ ਬੱਸ ਸਕੀਮ ਦੇ ਟੈਂਡਰ ਖੋਲ੍ਹਣ ਦੀ ਵਿਭਾਗ ਨੇ ਤਿਆਰੀ ਕਰ ਲਈ ਹੈ, ਜੋ ਸਾਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਥੇਬੰਦੀ ਦੀਆਂ ਹੋਰ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਹੁਣ 17 ਨਵੰਬਰ ਨੂੰ 12 ਵਜੇ ਤੋਂ ਸਮੂਹ ਡਿਪੂਆਂ ਵਿਚ ਹੜਤਾਲ ਕੀਤੀ ਜਾਵੇਗੀ ਅਤੇ ਤੁਰਤ ਬਾਅਦ ਦੁਪਹਿਰ 2 ਵਜੇ ਚੇਅਰਮੈਨ ਪੀ ਆਰ ਟੀ ਸੀ ਦੀ ਰਿਹਾਇਸ਼ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅਗਲੇ ਦਿਨ ਤੁਰਤ ਪੂਰੀ ਗਿਣਤੀ ਸਮੇਤ 18 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ’ਤੇ ਪੱਕਾ ਰੋਸ ਧਰਨਾ ਸ਼ੁਰੂ ਕਰ ਕੇ ਸੰਘਰਸ਼ ਅੱਗੇ ਵਧਾਇਆ ਜਾਵੇਗਾ।
