
ਪਿਛਲੀ ਕੈਪਟਨ ਹਕੂਮਤ ਦੌਰਾਨ ਆਰਥਕ ਤੌਰ 'ਤੇ ਟੁੱਟੇ ਪੇਂਡੂ ਕਿਸਾਨਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹਈਆਂ ਕਰਵਾਉਣ ਲਈ ਸ਼ੁਰੂ ਕੀਤੀ 'ਭਾਈ ਘਨੱਈਆ ਸਕੀਮ'...
ਬਠਿੰਡਾ (ਸੁਖਜਿੰਦਰ ਮਾਨ) : ਪਿਛਲੀ ਕੈਪਟਨ ਹਕੂਮਤ ਦੌਰਾਨ ਆਰਥਕ ਤੌਰ 'ਤੇ ਟੁੱਟੇ ਪੇਂਡੂ ਕਿਸਾਨਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹਈਆਂ ਕਰਵਾਉਣ ਲਈ ਸ਼ੁਰੂ ਕੀਤੀ 'ਭਾਈ ਘਨੱਈਆ ਸਕੀਮ' ਹੁਣ ਕੈਪਟਨ ਦੇ ਕਾਰਜ਼ਕਾਲ 'ਚ ਹੀ ਦਮ ਤੋੜਣ ਕਿਨਾਰੇ ਪੁੱਜ ਗਈ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸੂਬੇ ਦੇ ਡੇਢ ਲੱਖ ਕਿਸਾਨਾਂ ਦੁਆਰਾ ਪ੍ਰੀਮੀਅਮ ਦੇ ਤੌਰ 'ਤੇ ਕਰੋੜਾਂ ਰੁਪਏ ਸੁਸਾਇਟੀਆਂ ਵਿਚ ਕਈ-ਕਈ ਮਹੀਨੇ ਪਹਿਲਾਂ ਜਮ੍ਹਾਂ ਕਰਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ (14 ਅਗੱਸਤ) ਤੋਂ ਜ਼ਮੀਨਾਂ ਵੇਚ ਕੇ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਬੀਮਾ ਖੇਤਰ ਦੀ ਇਕ ਉੱਘੀ ਕੰਪਨੀ ਦੇ ਵਿਚਾਲਿਉਂ ਭੱਜਣ ਕਾਰਨ ਹਾਲੇ ਇਸ ਸਕੀਮ ਦੇ ਮੁੜ ਸ਼ੁਰੂ ਹੋਣ 'ਚ ਕਈ ਮਹੀਨੇ ਹੋਰ ਲੱਗਣ ਦੀ ਸੰਭਾਵਨਾ ਹੈ। ਕਰਜ਼ਾ ਮੁਆਫ਼ੀ ਕਰਕੇ ਕਿਸਾਨਾਂ ਦੀ ਵਾਹ-ਵਾਹ ਖੱਟਣ ਵਾਲੀ ਕੈਪਟਨ ਸਰਕਾਰ ਨੂੰ ਹੁਣ ਇਸ ਸਕੀਮ ਦੇ ਸਹੀ ਸਮੇਂ ਲਾਗੂ ਨਾ ਕਰ ਸਕਣ ਦੇ ਚੱਲਦੇ ਬਦਨਾਮੀ ਖੱਟਣ ਲਈ ਮਜਬੂਰ ਹੋਣਾ ਪੈ ਰਿਹਾ। ਦਸਣਾ ਬਣਦਾ ਹੈ ਕਿ ਸਾਲ 2006 'ਚ ਪਿਛਲੀ ਕਾਂਗਰਸ ਸਰਕਾਰ ਦੌਰਾਨ ਇਹ ਸਕੀਮ ਖੁਦ ਕੈਪਟਨ ਅਮਰਿੰਦਰ ਸਿੰਘ ਨੇ 'ਸੰਜੀਵਨੀ' ਦੇ ਨਾਂ ਹੇਠ ਸ਼ੁਰੂ ਕੀਤੀ ਸੀ। ਜਿਸ ਤਹਿਤ ਸੁਸਾਇਟੀਆਂ ਨਾਲ ਜੁੜੀ ਪੇਂਡੂ ਖੇਤਰ ਦੀ ਕਿਸਾਨੀ ਨੂੰ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਮਹਿੰਗੇ ਹਸਪਤਾਲਾਂ 'ਚ ਗੰਭੀਰ ਬੀਮਾਰੀਆਂ ਦਾ ਇਲਾਜ਼ ਮੁਫ਼ਤ ਕਰਵਾਉਣ ਦਾ ਮੌਕਾ ਦਿਤਾ ਗਿਆ ਸੀ।
Shiromani Akali Dal
ਉਸਤੋਂ ਬਾਅਦ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਇਸ ਸਕੀਮ ਦਾ ਨਾਂ ਬਦਲ ਕੇ 'ਭਾਈ ਘਨੱਈਆ ਸਕੀਮ' ਰੱਖ ਦਿਤਾ ਸੀ ਪ੍ਰੰਤੂ ਇਹ ਸਕੀਮ ਜਾਰੀ ਰਹੀ। ਸਹਿਕਾਰਤਾ ਵਿਭਾਗ ਦੇ ਸੂਤਰਾਂ ਮੁਤਾਬਕ ਮੌਜੂਦਾ ਸਮੇਂ ਇਸ ਸਕੀਮ ਨਾਲ 1 ਲੱਖ 41 ਹਜ਼ਾਰ ਦੇ ਕਰੀਬ ਕਿਸਾਨ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਜੁੜੇ ਹੋਏ ਸਨ। ਇਸਤੋਂ ਇਲਾਵਾ ਚਾਲੂ ਸਾਲ ਲਈ ਵੀ 26 ਸਤੰਬਰ ਤਕ ਇਸ ਸਕੀਮ ਨਾਲ ਜੁੜਣ ਵਾਲੇ ਮੈਂਬਰਾਂ ਤੋਂ ਫ਼ਾਰਮ ਅਤੇ ਪੈਸੇ ਭਰਵਾ ਲਏ ਸਨ ਪ੍ਰੰਤੂ ਪੈਸੇ ਭਰਨ ਦੇ ਬਾਵਜੂਦ ਕਿਸਾਨ ਤੇ ਉਨ੍ਹਾਂ ਦੇ ਪ੍ਰਵਾਰ ਇਲਾਜ ਤੋਂ ਵਿਰਵੇ ਹਨ।
Bhai Ghaniya Sehat Sewa scheme
ਕਿਸਾਨ ਪਰਵਾਰ ਦਾ ਮੁਖੀ ਤੇ ਅਣਵਿਆਹੇ ਬੱਚੇ ਸਨ ਸਕੀਮ 'ਚ ਸ਼ਾਮਲ
ਬਠਿੰਡਾ: ਇਸ ਸਕੀਮ ਤਹਿਤ ਸੁਸਾਇਟੀ ਨਾਲ ਜੁੜਿਆ ਹੋਇਆ ਕਿਸਾਨ ਪ੍ਰਵਾਰ ਦਾ ਮੁਖੀ ਅਤੇ ਉਸਦੇ ਅਣਵਿਆਹੇ ਬੱਚੇ ਇਸ ਸਕੀਮ ਵਿਚ 75 ਸਾਲ ਦੀ ਉਮਰ ਤਕ ਸ਼ਾਮਲ ਹੋ ਸਕਦੇ ਸਨ। ਸਕੀਮ ਤਹਿਤ ਪ੍ਰਵਾਰ ਦੇ ਮੁਖੀ ਮੈਂਬਰ ਨੂੰ 1749 ਰੁਪਏ ਸਾਲਾਨਾ ਅਤੇ ਦੂਜੇ ਮੈਂਬਰਾਂ ਨੂੰ 433 ਰੁਪਏ ਪ੍ਰਤੀ ਮੈਂਬਰ ਦੇਣੇ ਪੈਂਦੇ ਸਨ। ਜਿਨ੍ਹਾਂ ਨੂੰ ਦੋ ਲੱਖ ਰੁਪਏ ਤਕ ਸਕੀਮ ਨਾਲ ਜੁੜੇ ਹੋਏ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿਚ ਕੈਸ਼ਲੇਸ ਇਲਾਜ ਕਰਵਾਉਣ ਦੀ ਸੁਵਿਧਾ ਸੀ।
ਇਸਤੋਂ ਇਲਾਵਾ ਸਕੀਮ ਦੇ ਮੈਂਬਰ ਪ੍ਰਵਾਰ 'ਚ ਜਨਮ ਲੈਣ ਵਾਲਾ ਬੱਚਾ 6 ਮਹੀਨਿਆਂ ਦੀ ਉਮਰ ਤਕ ਬਿਨਾਂ ਮੈਂਬਰ ਤੋਂ ਮੁਫ਼ਤ ਸਿਹਤ ਸਹੂਲਤਾਂ ਦਾ ਹੱਕਦਾਰ ਸੀ। ਇਸੇ ਤਰ੍ਹਾਂ ਜੇਕਰ ਇਸ ਸਕੀਮ ਤਹਿਤ ਹਸਪਤਾਲ ਵਿਚ ਜਣੇਪੇ ਦੌਰਾਨ ਲੜਕੀ ਦਾ ਜਨਮ ਹੁੰਦਾ ਸੀ ਤਾਂ ਵੀ ਨਵਜਨਮੀ ਲੜਕੀ ਨੂੰ 2000 ਰੁਪਏ ਸ਼ਗਨ ਵਜੋਂ ਦਿਤੇ ਜਾਂਦੇ ਸਨ।
Bhai Kanhaiya Ji
ਬੀਮਾ ਕੰਪਨੀ ਭੱਜਣ ਕਾਰਨ ਕੰਮ ਰੁਕਿਆ: ਐਮ.ਡੀ ਬਾਤਿਸ
ਬਠਿੰਡਾ: ਸਹਿਕਾਰਤਾ ਵਿਭਾਗ ਦੇ ਐਮ.ਡੀ ਅਤੇ ਭਾਈ ਘਨੱਈਆ ਸਕੀਮ ਦੇ ਸੀ.ਈ.ਓ ਸੁਧੀਰ ਬਾਤਸ਼ ਨੇ ਸੰਪਰਕ ਕਰਨ 'ਤੇ ਦਸਿਆ ਕਿ 'ਬੀਮਾ ਕੰਪਨੀ ਦੇ ਭੱਜਣ ਕਾਰਨ ਸਮੱਸਿਆ ਆ ਰਹੀ ਹੈ।' ਉਨ੍ਹਾਂ ਦਸਿਆ ਕਿ ਹੁਣ ਦੁਬਾਰਾ ਟੈਂਡਰ ਭਰਾਏ ਗਏ ਹਨ, ਜਿਹੜੇ 26 ਦਸੰਬਰ ਨੂੰ ਖੁਲ੍ਹਣੇ ਹਨ। ਸ਼੍ਰੀ ਬਾਤਸ਼ ਮੁਤਾਬਕ ਭੱਜਣ ਵਾਲੀ ਬੀਮਾ ਕੰਪਨੀ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਸੀ ਪ੍ਰੰਤੂ ਉਸਨੇ ਕੋਈ ਜਵਾਬ ਨਹੀਂ ਦਿਤਾ, ਜਿਸਦੇ ਚੱਲਦੇ ਪੈਨਲਟੀ ਪਾਈ ਜਾ ਰਹੀ ਹੈ। ਸਕੀਮ ਦੇ ਸ਼ੁਰੂ ਹੋਣ ਬਾਰੇ ਉਨ੍ਹਾਂ ਕਿਹਾ ਕਿ ਥੋੜਾ ਸਮਾਂ ਲੱਗ ਜਾਵੇਗਾ, ਕਿਉਂਕਿ ਰਹਿ ਗਏ ਮੈਂਬਰਾਂ ਨੂੰ ਵੀ ਸ਼ਾਮਲ ਹੋਣ ਲਈ ਕੁੱਝ ਸਮਾਂ ਦਿਤਾ ਜਾਣਾ ਹੈ।