
ਫਿੱਕੀ ਦੀ ਬੈਠਕ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਬੂਲਿਆ ਕਾਰਪੋਰੇਟਰਾਂ ਦਾ ਦਬਾਅ : ਚੀਮਾ
ਚੰਡੀਗੜ, 13 ਦਸੰਬਰ (ਸੁਰਜੀਤ ਸਿੰਘ ਸੱਤੀ): ਖੇਤੀ ਸਬੰਧੀ ਕੇਂਦਰੀ ਕਾਲੇ ਕਾਨੂੰਨਾਂ ਵਿਰੁਧ ਜਾਰੀ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਵਣਜ ਤੇ ਉਦਯੋਗਿਕ ਫ਼ੈਡਰੇਸ਼ਨ (ਐਫ਼ਆਈਸੀਸੀਆਈ) ਵਿਚ ਖੇਤੀ ਕਾਨੂੰਨਾਂ ਦਾ ਗੁਣਗਾਣ ਕੀਤੇ ਜਾਣ ਉਤੇ ਸਖ਼ਤ ਇਤਰਾਜ਼ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਉਦਯੋਗਪਤੀਆਂ ਕੋਲ ਜਾ ਕੇ ਕਿਉਂ ਦੇ ਰਹੇ ਹਨ? ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਹਕੀਕਤ ਤੋਂ ਭੱਜ ਕੇ ਗਿਣਤੀ ਦੇ ਵੱਡੇ ਘਰਾਣਿਆਂ ਸਾਹਮਣੇ ਗੋਡੇ ਟੇਕ ਚੁੱਕੀ ਹੈ ਅਤੇ ਅੰਦੋਲਨਕਾਰੀ ਕਿਸਾਨਾਂ ਨੂੰ ਬਦਨਾਮ ਕਰਨ ਦਾ ਹਰ ਦਾਅ ਖੇਡ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦਯੋਗਪਤੀਆਂ ਸਾਹਮਣੇ ਦਿਤਾ ਗਿਆ ਭਾਸ਼ਣ ਦਸਦਾ ਹੈ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪੱਖ ਵਿਚ ਨਹੀਂ ਹੈ, ਉਲਟਾ ਪਿਯੂਸ਼ ਗੋਇਲ ਸਮੇਤ ਵੱਖ-ਵੱਖ ਕੇਂਦਰੀ ਮੰਤਰੀਆਂ ਵਲੋਂ ਦੇਸ਼ ਧ੍ਰੋਹੀ ਸਾਬਤ ਕਰਨ ਦੀ ਯੋਜਨਾਬੰਦੀ ਮੁਹਿੰਮ ਚਲਾਈ ਜਾ ਰਹੀ ਹੈ। ਮੋਦੀ ਸਰਕਾਰ ਦਾ ਅਜਿਹਾ ਰਵਈਆ ਮੰਦਭਾਗਾ ਅਤੇ ਨਿੰਦਣਯੋਗ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ, 'ਹੈਰਾਨੀ ਦੀ ਗੱਲ ਹੈ ਕਿ ਕੜਾਕੇ ਦੀ ਠੰਢ ਵਿਚ ਖੇਤੀ ਕਾਨੂੰਨਾਂ ਵਿਰੁਧ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਦੇਸ਼ ਭਰ ਦੇ ਲੱਖਾਂ ਕਿਸਾਨ ਪਿਛਲੇ 16 ਦਿਨਾਂ ਤੋਂ ਕੌਮੀ ਰਾਜਧਾਨੀ ਦੇ ਦਰ ਉਤੇ ਚਾਰੇ ਪਾਸੇ ਡਟੇ ਹੋਏ ਹਨ। ਐਨੇ ਦਿਨਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਲਈ ਸਮਾਂ ਨਹੀਂ ਮਿਲਿਆ, ਪ੍ਰੰਤੂ ਕਿਸਾਨਾਂ ਦਾ ਪੱਖ ਐਫ਼ਆਈਸੀਸੀਆਈ ਦੀ ਮੀਟਿੰਗ ਵਿਚ ਰੱਖਣ ਲਈ ਸਮਾਂ ਮਿਲ ਗਿਆ।'