
ਚਿੱਲਾ ਸਰਹੱਦ 'ਤੇ ਸਧਾਰਣ ਟ੍ਰੈਫ਼ਿਕ ਬਹਾਲ, ਪ੍ਰਦਰਸ਼ਨ ਜਾਰੀ
ਨੋਇਡਾ (ਯੂ.ਪੀ.), 13 ਦਸੰਬਰ: ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਅਤੇ ਨਰਿੰਦਰ ਤੋਮਰ ਨਾਲ ਸਨਿਚਰਵਾਰ ਦੇਰ ਰਾਤ ਮੁਲਾਕਾਤ ਤੋਂ ਬਾਅਦ ਚਿੱਲਾ ਦੇ ਰਸਤੇ ਨੋਇਡਾ ਨੂੰ ਦਿੱਲੀ ਨਾਲ ਜੋੜਨ ਵਾਲਾ ਮੁੱਖ ਮਾਰਗ ਐਤਵਾਰ ਨੂੰ ਖ਼ਾਲੀ ਕਰ ਦਿਤਾ।
ਅਧਿਕਾਰੀਆਂ ਨੇ ਦਸਿਆ ਕਿ ਕਿਸਾਨ ਚਿੱਲਾ ਸਰਹੱਦ ਤੋਂ ਹਟ ਗਏ, ਜਿਸ ਤੋਂ ਬਾਅਦ ਨੋਇਡਾ ਅਤੇ ਦਿੱਲੀ ਵਿਚਕਾਰ ਇਸ ਰਸਤੇ 'ਤੇ ਆਮ ਟ੍ਰੈਫ਼ਿਕ ਬਹਾਲ ਹੋ ਗਿਆ। 1 ਦਸੰਬਰ ਤੋਂ ਕਿਸਾਨ ਇਸ ਜਗ੍ਹਾ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਡੀਐਨਡੀ ਅਤੇ ਕਾਲਿੰਦੀ ਕੁੰਜ ਸੜਕ ਜੋ ਕਿ ਦਿੱਲੀ ਅਤੇ ਨੋਇਡਾ ਨੂੰ ਜੋੜਦੀ ਹੈ, 'ਤੇ ਵੀ ਆਵਾਜਾਈ ਆਮ ਹੈ ਹਾਲਾਂਕਿ ਸਰਹੱਦ 'ਤੇ ਪ੍ਰਦਰਸ਼ਨ ਜਾਰੀ ਰਿਹਾ ਅਤੇ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਕੌਮੀ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਸਣੇ ਕੁੱਝ ਲੋਕ ਸਰਹੱਦ ਉੱਤੇ ਮੌਜੂਦ ਰਹੇ।
ਬੀਕੇਯੂ (ਭਾਨੂ) ਦੇ ਆਈ ਟੀ ਸੈੱਲ ਦੇ ਸੀਨੀਅਰ ਮੈਂਬਰ ਸਤੀਸ਼ ਤੋਮਰ ਨੇ ਪੀਟੀਆਈ ਭਾਸ਼ਾ ਨੂੰ ਫ਼ੋਨ ਉੱਤੇ ਦਸਿਆ ਕਿ ਰਾਜਨਾਥ ਨੇ ਸਾਡੀਆਂ ਮੰਗਾਂ ਸੁਣੀਆਂ ਅਤੇ ਗੱਲਬਾਤ ਨੂੰ ਅੱਗੇ ਲਿਜਾਣ ਅਤੇ ਸਮੱਸਿਆਵਾਂ ਹੱਲ ਕਰਨ ਲਈ ਸਹਿਮਤ ਹੋਏ। ਉਸ ਤੋਂ ਬਾਅਦ ਅਸੀਂ ਸੜਕ ਨੂੰ ਖ਼ਾਲੀ ਕਰਨ ਦਾ ਫ਼ੈਸਲਾ ਕੀਤਾ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡਾ ਪ੍ਰਦਰਸ਼ਨ ਖ਼ਤਮ ਹੋ ਗਿਆ ਹੈ। (ਪੀਟੀਆਈ)